ਸ੍ਰੀ ਦਰਬਾਰ ਸਾਹਿਬ ਵਿਖੇ ਸਾਂਝੀ ਅਰਦਾਸ


ਅੰਮ੍ਰਿਤਸਰ -ਸ੍ਰੀ ਹਰਿਮੰਦਰ ਸਾਹਿਬ ਵਿਖੇ 18 ਅਕਤੂਬਰ ਯਾਨੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ 35 ਹਜ਼ਾਰ ਵਿਦਿਆਰਥੀ ਨੇ ‘ਸਰਬੱਤ ਦੇ ਭਲੇ’ ਅਤੇ ‘ਨਸ਼ਾ ਮੁਕਤ ਪੰਜਾਬ’ ਦੀ ਅਰਦਾਸ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਸਿਰਾਂ ‘ਤੇ ਪੀਲੀਆਂ ਦਸਤਾਰਾਂ ਸਜਾ ਕੇ ਸੂਬੇ ‘ਚੋਂ ਨਸ਼ੇ ਦੇ ਖ਼ਾਤਮੇ ਲਈ ਸਹੁੰ ਚੁੱਕੀ ਅਤੇ ਗੁਰੂ ਜੀ ਦੇ ਚਰਨਾਂ ‘ਚ ਅਰਦਾਸ ਕੀਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨਾਲ ਕਮਿਸ਼ਨਰੇਟ ਪੁਲਸ ਨੌਨਿਹਾਲ ਸਿੰਘ, ਪੰਜਾਬ ਡੀ.ਜੀ.ਪੀ. ਗੌਰਵ ਯਾਦਵ, ਰਾਜ ਸਭਾ ਮੈਂਬਰ ਸੰਤ ਸੀਚੇਵਾਲ ਅਤੇ ਕੈਬਨਿਟ ਦੇ ਹੋਰ ਮੈਂਬਰ ਵੀ ਸ਼ਾਮਲ ਹੋਏ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਭ ਦੇ ਘਰ ‘ਚ ਤੰਦਰੁਸਤੀ ਬਖ਼ਸ਼ੇ ਅਤੇ ਤਰੱਕੀਆਂ ਦੇ ਚਿਰਾਗ ਜਗਦੇ ਰਹਿਣ। ਮੁੱਖ ਮੰਤਰੀ ਮਾਨ ਨੇ ਕਿਹਾ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਦਲਦਲ ‘ਚ ਫ਼ਸੇ ਨੌਜਵਾਨਾਂ ਨੂੰ ਲੈ ਕੇ ਚਿਤਾਜਨਕ ਖ਼ਬਰਾਂ ਸਾਹਮਣੇ ਆਈਆਂ ਹਨ। ਮਾਨ ਨੇ ਦਾਅਵਾ ਕੀਤਾ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਹਨ ਉਨ੍ਹਾਂ ਦਾ ਮੈਡੀਕਲ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਕੋਹੜ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਿਕਾਸ ਲਈ ਮੁਕਾਬਲੇ ਕਰਾਏ ਜਾਣਗੇ ਅਤੇ ਖੇਡਾਂ ਵੱਲ ਖ਼ਾਸ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਰੁਜ਼ਗਾਰ ਦਿੱਤਾ ਜਾਵੇਗਾ। ਸਰਕਾਰ ਸਭ ਤੋਂ ਪਹਿਲਾ ਕੰਮ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕਰ ਰਹੀ ਹੈ। ਮੁੱਖ ਮੰਤਰੀ ਨੇ ਨੌਜਵਾਨ ਪੀੜ੍ਹੀ ਨੂੰ ਸੇਧ ਦਿੰਦਿਆਂ ਕਿਹਾ ਕਿ ਸਫ਼ਲਤਾ ਦਾ ਸ਼ਾਰਟਕੱਟ ਰਸਤਾ ਮਿਹਨਤ ਹੈ। ਜੇਕਰ ਪੜ੍ਹੋ-ਲਿਖੋਗੇ ਤਾਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ‘ਚ ਸਕੂਲਾਂ ਦੇ ਮੁੰਡੇ-ਕੁੜੀਆਂ ਆਏ ਹਨ। ਜਿਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਰਦਾਸ ਕੀਤੀ ਹੈ। ਜੇਕਰ ਇੰਨੀ ਵੱਡੀ ਗਿਣਤੀ ‘ਚ ਲੋਕ ਅਰਦਾਸ ਕਰਨ ਪਰਮਾਤਮਾ ਜ਼ਰੂਰ ਸੁਣਦਾ ਹੈ। ਉਨ੍ਹਾਂ ਕਿਹਾ ਪੂਰੀ ਦੁਨੀਆ ਦੇ ਲੋਕ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਨ, ਇਹ ਇਕ ਦਿਲ ਨੂੰ ਸਕੂਨ ਦੇਣ ਵਾਲੀ ਥਾਂ ਹੈ, ਇੱਥੇ ਸੱਚੇ ਦਿਲੋਂ ਕੀਤੀ ਅਰਦਾਸ ਹਮੇਸ਼ਾ ਪੂਰੀ ਹੁੰਦੀ ਹੈ।

‘ਦੁਖ ਵੇਲੇ ਸਿਮਰਨ ਸੁੱਖ ਵੇਲੇ ਸ਼ੁਕਰਾਨਾ’ ਤੁਕ ਉਚਾਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਦੇ ਘਰ ‘ਚ ਦੁੱਖ ਹੈ ਤਾਂ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਦੁਖ ਨੂੰ ਦੂਰ ਕਰਾਂਗੇ। ਉਨ੍ਹਾਂ ਕਿਹਾ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਅਸੀਂ ਉਸ ਨੂੰ ਜੇਲ੍ਹ ‘ਚ ਨਹੀਂ ਭੇਜਣਾ, ਸਮੱਗਲਰ ਨਹੀਂ ਕਹਿਣਾ ਸਗੋਂ ਉਸ ਦਾ ਮੈਡੀਕਲ ਇਲਾਜ ਕਰਵਾ ਕੇ ਸਹਾਇਤਾ ਦੇਣੀ ਹੈ। ਉਨ੍ਹਾਂ ਕਿਹਾ ਮੇਰੇ ਕੋਲ ਬਹੁਤ ਲੋਕ ਆਉਂਦੇ ਹਨ ਕਿ ਅਸੀਂ ਨਸ਼ੇ ਦੇ ਦੌਰ ਤੋਂ ਵਾਪਸ ਆਏ ਹਾਂ। ਉਨ੍ਹਾਂ ਕਿਹਾ ਇਸ ਚੀਜ਼ ਤੋਂ ਪਤਾ ਲਗਦਾ ਹੈ ਕਿ ਨਸ਼ੇ ਦੀ ਦਲਦਲ ‘ਚੋਂ ਨਿਕਲਿਆ ਜਾ ਸਕਦਾ ਹੈ। ਕਈ ਨਸ਼ਿਆਂ ਖ਼ਿਲਾਫ਼ NGO ਚਲਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ।
ਇਸ ਦੌਰਾਨ ਉਨ੍ਹਾਂ ਨੇ ਮੀਡੀਆ ਅਤੇ ਆਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਪਰਮਾਤਮਾ ਨੇ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਨਿਭਾਉਣ ਦਾ ਬਲ ਬਖ਼ਸ਼ੇ। ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਵਾਂਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਮਿਸ਼ਨਰੇਟ ਪੁਲਸ ਨੌਨਿਹਾਲ ਸਿੰਘ, ਪੰਜਾਬ ਡੀ.ਜੀ.ਪੀ. ਗੌਰਵ ਯਾਦਵ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਇਹ ਸ਼ਲਾਘਾਯੋਗ ਮਹਿੰਮ ਦੀ ਸ਼ੁਰੂਆਤ ਕੀਤੀ ਹੈ।

Leave a Reply

Your email address will not be published. Required fields are marked *