ਫ਼ਿਰੋਜ਼ਪੁਰ- ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਪੁਲਸ ਨੇ 2 ਭਾਰਤੀ ਤਸਕਰਾਂ ਨੂੰ ਪਾਕਿਸਤਾਨ ਤੋਂ ਮੰਗਵਾਈ ਗਈ ਕਰੀਬ 60 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਮੁੱਲ ਦੀ ਕਰੀਬ 12 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਪੁਲਸ ਨੇ ਏ. ਆਈ. ਜੀ ਸਰਦਾਰ ਲਖਬੀਰ ਸਿੰਘ ਦੀ ਅਗਵਾਈ ‘ਚ 2 ਭਾਰਤੀ ਨਸ਼ਾ ਤਸਕਰਾਂ ਨੂੰ ਪਾਕਿਸਤਾਨ ਤੋਂ ਲਿਆਂਦੀ ਹੈਰੋਇਨ ਦੀ ਵੱਡੀ ਖ਼ੇਪ ਸਮੇਤ ਕਾਬੂ ਕੀਤਾ ਹੈ।
ਦੱਸਿਆ ਜਾਂਦਾ ਹੈ ਕਿ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 2 ਭਾਰਤੀ ਤਸਕਰਾਂ ਨੇ ਪਾਕਿਸਤਾਨ ਤੋਂ ਹੈਰੋਇਨ ਦੀ ਇੱਕ ਵੱਡੀ ਖ਼ੇਪ ਮੰਗਵਾਈ ਹੈ, ਜਿਸ ਨੂੰ ਉਹ ਅੱਗੇ ਸਪਲਾਈ ਕਰਨ ਦੀ ਤਾਕ ‘ਚ ਹਨ। ਇਸ ਲਈ ਇੱਕ ਯੋਜਨਾ ਅਨੁਸਾਰ ਫ਼ਿਰੋਜ਼ਪੁਰ ਤੋਂ ਭਾਰਤ-ਪਾਕਿਸਤਾਨ ਸਰਹੱਦ ਵੱਲ ਜਾਂਦੇ ਸਾਰੇ ਇਲਾਕੇ ਨੂੰ ਸੀਲ ਕਰਕੇ ਕਾਊਂਟਰ ਇੰਟੈਲੀਜੈਂਸ ਦੀ ਪੁਲਸ ਨੇ 2 ਨਸ਼ਾ ਤਸਕਰਾਂ ਨੂੰ ਕਰੀਬ 12 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਜਿਨ੍ਹਾਂ ਤਸਕਰਾਂ ਕੋਲੋਂ ਹੈਰੋਇਨ ਦੀ ਇਹ ਖ਼ੇਪ ਬਰਾਮਦ ਹੋਈ ਹੈ, ਉਹ ਤਰਨਤਾਰਨ ਜ਼ਿਲ੍ਹੇ ਦੇ ਵਸਨੀਕ ਦੱਸੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 60 ਕਰੋੜ ਰੁਪਏ ਦੱਸੀ ਜਾਂਦੀ ਹੈ। ਅਧਿਕਾਰਤ ਪੁਸ਼ਟੀ ਲਈ ਅਜੇ ਤੱਕ ਕਿਸੇ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ।