ਜਲੰਧਰ- ਐੱਨ. ਡੀ. ਪੀ. ਐੱਸ. ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਰਵਨੀਤ ਬਿੱਟੂ ‘ਤੇ ਤੰਜ ਕੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਰਵਨੀਤ ਬਿੱਟੂ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਬੁਲਾਰਾ ਤੱਕ ਕਹਿ ਦਿੱਤਾ। ਮਜੀਠੀਆ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਜੀ ਝੂਠੇ ਦਾਅਵਿਆਂ ਨਾਲ ਲੋਕਾਂ ਨੂੰ ਮੂਰਖ ਨਾ ਬਣਾਇਆ ਕਰੋ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਕੇਸ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਦਰਜ ਹੋਇਆ ਸੀ, ਉਦੋਂ ਉਨ੍ਹਾਂ ਨੂੰ ਧਾਰਾ 319 ਤਹਿਤ ਸੰਮਨ ਕੀਤਾ ਗਿਆ ਸੀ।
ਅਕਾਲੀ ਦਲ ਦੀ ਸਰਕਾਰ ਵੇਲੇ ਨਾ ਤਾਂ ਖਹਿਰਾ ਖ਼ਿਲਾਫ਼ ਕੋਈ ਕੇਸ ਦਰਜ ਹੋਇਆ ਅਤੇ ਨਾ ਹੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਹੋਈ ਹੈ। ਮਜੀਠੀਆ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਖਹਿਰਾ ਸਾਬ੍ਹ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 2015 ਵਿਚ ਪਰਚਾ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਖਹਿਰਾ ਨੂੰ ਕੋਈ ਮੁਲਜ਼ਮ ਨਹੀਂ ਬਣਾਇਆ ਗਿਆ ਅਤੇ ਨਾ ਹੀ ਅਕਾਲੀ ਦਲ ਦੀ ਸਰਕਾਰ ਵੇਲੇ ਕੋਈ ਕੇਸ ਦਰਜ ਹੋਇਆ ਹੈ। ਉਨ੍ਹਾਂ ਚੈਲੰਜ ਕਰਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਇਹ ਸਾਬਤ ਕਰਨ ਕਿ 2015 ਵਿਚ ਕਿਸੇ ਤਰੀਕੇ ਦਾ ਵੀ ਖਹਿਰਾ ਸਾਬ੍ਹ ਨੂੰ ਦੋਸ਼ੀ ਬਣਾਇਆ ਹੋਵੇ ਜਾਂ ਪੁਲਸ ਨੇ ਉਨ੍ਹਾਂ ਨੂੰ ਫੜਿਆ ਹੋਵੇ।