ਮੋਹਾਲੀ : ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਫ਼ਸਰਾਂ ਦੀ ਪਹਿਲੀ ਪਸੰਦ ਮੋਹਾਲੀ ਜ਼ਿਲ੍ਹਾ ਹੈ। ਇਨ੍ਹਾਂ ਅਫ਼ਸਰਾਂ ਵੱਲੋਂ ਮੋਹਾਲੀ ‘ਚ ਹੀ ਨਿਵੇਸ਼ ਕੀਤਾ ਗਿਆ ਹੈ। ਸਰਕਾਰ ਨੂੰ ਦਿੱਤੇ ਪ੍ਰਾਪਰਟੀ ਦੇ ਬਿਓਰੇ ‘ਚ 240 ਦੇ ਕਰੀਬ ਅਫ਼ਸਰਾਂ ਨੇ ਮੋਹਾਲੀ ‘ਚ ਘੱਟੋ-ਘੱਟ ਇਕ ਘਰ ਜਾਂ ਫਲੈਟ-ਪਲਾਟ ਖ਼ਰੀਦਿਆ ਹੈ। ਪੰਜਾਬ ਦੇ ਅਫ਼ਸਰਾਂ ਨੂੰ ਇਹ ਸ਼ਹਿਰ ਬਹੁਤ ਪਸੰਦ ਹੈ।
ਹਿਮਾਚਲ ਅਤੇ ਹਰਿਆਣਾ ਦੇ ਅਫ਼ਸਲਰਾਂ ਨੇ ਵੀ ਆਪਣੇ ਸੂਬੇ ਦੇ ਬਾਹਰ ਮੋਹਾਲੀ ਨੂੰ ਹੀ ਆਪਣੀ ਪਸੰਦ ਬਣਾ ਰੱਖਿਆ ਹੈ। ਸੂਬਿਆਂ ਦੀ ਪਸੰਦ ਦੇ ਹਿਸਾਬ ਨਾਲ ਹਰਿਆਣਾ ਦੇ ਅਫ਼ਸਰਾਂ ਦੀ ਪਹਿਲੀ ਪਸੰਦ ਗੁਰੂਗ੍ਰਾਮ ਹੈ, ਤਾਂ ਹਿਮਾਚਲ ਦੇ ਅਫ਼ਸਰਾਂ ਦੀ ਪਸੰਦ ਸ਼ਿਮਲਾ ਹੈ। ਤਿੰਨ ਸੂਬਿਆਂ ਦੇ 774 ਦੇ ਕਰੀਬ ਅਫ਼ਸਰਾਂ ‘ਚੋਂ 31.18 ਫ਼ੀਸਦੀ ਨੇ ਮੋਹਾਲੀ ‘ਚ ਪ੍ਰਾਪਰਟੀ ਖ਼ਰੀਦੀ ਹੈ।
ਇਸ ਦਾ ਮੁੱਖ ਕਾਰਨ ਇਹ ਹੈ ਕਿ ਚੰਡੀਗੜ੍ਹ ‘ਚ ਪ੍ਰਾਪਰਟੀ ਜ਼ਿਆਦਾ ਮਹਿੰਗੀ ਹੈ। ਚੰਡੀਗੜ੍ਹ ਦੇ ਨਾਲ-ਨਾਲ ਪੰਚਕੂਲਾ ‘ਚ ਵੀ ਪ੍ਰਾਪਰਟੀ ਦੇ ਭਾਅ ਆਸਮਾਨ ਛੂਹ ਰਹੇ ਹਨ। ਸਹੂਲਤ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਤਾਂ ਮੋਹਾਲੀ ‘ਚ ਅੰਤਰਰਾਸ਼ਟਰੀ ਹਵਾਈ ਅੱਡਾ ਪੈਂਦਾ ਹੈ। ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵੀ ਅਫ਼ਸਰਾਂ ਦੇ ਧਿਆਨ ‘ਚ ਰਹਿੰਦਾ ਹੈ।