ਕਸ਼ਮੀਰ ‘ਚ ਐਲਓਸੀ ਲਾਗਿਓਂ ਮਿਲੇ ਭਾਰੀ ਮਾਤਰਾ ਹਥਿਆਰ, ਗੋਲਾ-ਬਾਰੂਦ ਬਰਾਮਦ, ਤਲਾਸ਼ੀ ਮੁਹਿੰਮ ਜਾਰੀ

jammu/nawanpunjab.com


ਸ਼੍ਰੀਨਗਰ, 11 ਅਗਸਤ (ਦਲਜੀਤ ਸਿੰਘ)- ਭਾਰਤੀ ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਦੇ ਤਰਬਲ ਪਿੰਡ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਹ ਬਰਾਮਦਗੀ ਜੰਮੂ-ਕਸ਼ਮੀਰ ਪੁਲਿਸ ਤੇ ਫ਼ੌਜ ਦੁਆਰਾ ਸਾਂਝੇ ਤੌਰ ‘ਤੇ ਕੀਤੀ ਗਈ ਤਲਾਸ਼ੀ ਤੇ ਘੇਰਾਬੰਦੀ ਮੁਹਿੰਮ ਦੌਰਾਨ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਬਾਂਦੀਪੋਰਾ ਦੇ ਐਸਐਸਪੀ ਜ਼ਾਹਿਦ ਮਲਿਕ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ ਅਤੇ ਫੌਜ ਦਾ ਇਹ ਸਾਂਝਾ ਆਪਰੇਸ਼ਨ ਅਜੇ ਵੀ ਜਾਰੀ ਹੈ। ਪੁਲਿਸ ਅਨੁਸਾਰ, ਇਹ ਕਾਰਵਾਈ ਮੰਗਲਵਾਰ ਨੂੰ ਤਾਰਬਲ ਪਿੰਡ ਵਿੱਚ ਕੰਟਰੋਲ ਰੇਖਾ ਦੇ ਨੇੜੇ ਗੋਵਿੰਦ ਨਾਲਾ ਖੇਤਰ ਵਿੱਚ ਹਥਿਆਰਾਂ ਦੀ ਮੌਜੂਦਗੀ ਬਾਰੇ ਖਾਸ ਜਾਣਕਾਰੀ ਮਿਲਣ ਦੇ ਬਾਅਦ ਸ਼ੁਰੂ ਕੀਤੀ ਗਈ ਸੀ। ਇਸ ਖੇਤਰ ਵਿੱਚ ਇੱਕ ਸਖਤ ਤਲਾਸ਼ੀ ਮੁਹਿੰਮ ਦੌਰਾਨ ਮੈਟਲ ਡਿਟੈਕਟਰਾਂ ਦੀ ਮਦਦ ਨਾਲ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਮਿਲੇ ਹਥਿਆਰ ਪੋਲੀਥੀਨ ਵਿੱਚ ਲਪੇਟੇ ਕੇ ਜੰਗਲ ਵਿੱਚ ਜ਼ਮੀਨ ਦੇ ਹੇਠਾਂ ਦੱਬੇ ਹੋਏ ਸਨ। ਪੁਲਿਸ ਤੇ ਫੌਜ ਨੂੰ ਉਨ੍ਹਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਏਕੇ-47 ਰਾਈਫਲਾਂ, 12 ਏਕੇ ਮੈਗਜ਼ੀਨ, 2 ਪਿਸਤੌਲ, 4 ਪਿਸਤੌਲ ਮੈਗਜ਼ੀਨ, 350 ਏਕੇ ਰਾਊਂਡ, 200 ਪਿਸਤੌਲ ਰਾਊਂਡ, 18 ਗ੍ਰਨੇਡ ਤੇ ਹੋਰ ਵਿਸਫੋਟਕ ਸਮਗਰੀ ਮਿਲੀ ਹੈ ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਹਥਿਆਰ ਅਤੇ ਗੋਲਾ ਬਾਰੂਦ ਕਿਸ ਸੰਗਠਨ ਨਾਲ ਸਬੰਧਤ ਹਨ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਸੂਤਰਾਂ ਦੇ ਅਨੁਸਾਰ ਅਜਿਹਾ ਲਗਦਾ ਹੈ ਕਿ ਸਰਹੱਦ ਪਾਰ ਤੋਂ ਘੁਸਪੈਠ ਕਰਨ ਵਾਲੇ ਇੱਕ ਸਮੂਹ ਨੇ ਇਲਾਕੇ ਵਿੱਚ ਹਥਿਆਰ ਸੁੱਟ ਦਿੱਤੇ ਸਨ। ਕੁਝ ਹੋਰ ਹਥਿਆਰ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *