ਪਟਿਆਲਾ- ਪਾਕਿਸਤਾਨ ਲਈ ਜਾਸੂਸੀ ਕਰਨ ਦੇ ਨਾਲ ਨਾਲ ਨਸ਼ਾ, ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਬੱਬਰ ਖਾਲਸਾ ਦੇ ਇਕ ਅੱਤਵਾਦੀ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨੀ ਏਜੰਟ ਮੁੱਖ ਮੁਲਜ਼ਮ ਅਮਰੀਕ ਦੇਧਣਾ ਦੀ ਨਿਸ਼ਾਨਦੇਹੀ ’ਤੇ ਬੱਬਰ ਖਾਲਸਾ ਦੇ ਨੰਦ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਅਤੇ ਚਾਰ ਪਿਸਟਲ ਰੋਂਦ ਵੀ ਬਰਾਮਦ ਹੋਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਨਾਰਕੋ ਟੈਰਾਰਿਜ਼ਮ ਨਾਲ ਸਬੰਧਤ ਕਰਾਸ ਬਾਰਡਰ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਜਾਸੂਸੀ ਕਰਨ ਵਾਲੇ ਗਿਰੋਹ ਦੇ ਮੈਬਰਾਂ ਨੂੰ ਗ੍ਰਿਫਤਾਰ ਕਰਕੇ 4 ਪਿਸਟਲ ਬ੍ਰਾਮਦ ਕੀਤੇ ਹਨ। ਜਿਨ੍ਹਾਂ ਵਿਚ ਇਕ ਵਿਦੇਸ਼ੀ ਪਿਸਟਲ 9 ਐੱਮ. ਐੱਮ ਵੀ ਸ਼ਾਮਲ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਲੰਬੇ ਸਮੇਂ ਤੋਂ ਨਾਰਕੋ ਟੈਰਾਰਿਜ਼ਮ ਵਿਚ ਸ਼ਾਮਲ ਸਮੱਗਲਰ ਅਮਰੀਕ ਸਿੰਘ ਦੇਧਣਾ ਦੇ ਨੈਟਵਰਕ ’ਤੇ ਕੰਮ ਕਰ ਰਹੀ ਸੀ। ਜਿਸ ’ਤੇ ਕਿ ਸਮੱਗਲਿੰਗ, ਅਸਲਾ ਐਕਟ, ਦੇਸ਼ ਵਿਰੋਧੀ ਗਤੀਵਿਧੀਆਂ ਆਦਿ ਦੇ 18 ਮੁਕੱਦਮੇ ਦਰਜ ਹਨ। ਸੀ. ਆਈ. ਏ. ਸਟਾਫ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਥਾਣਾ ਘੱਗਾ ਮੁਖੀ ਅਮਨਪਾਲ ਸਿੰਘ ਨੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਮੁਲਜ਼ਮ ਅਮਰੀਕ ਸਿੰਘ, ਫੌਜੀ ਮਨਪ੍ਰੀਤ ਸ਼ਰਮਾ ਅਤੇ ਨੰਦ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ 4 ਪਿਸਟਲ ਬਰਾਮਦ ਕਰਨ ਵਿਚ ਪਟਿਆਲਾ ਪੁਲਸ ਨੂੰ ਕਾਮਯਾਬੀ ਮਿਲੀ ਹੈ ਅਤੇ ਹੋਰ ਵੀ ਕਈ ਅਹਿਮ ਖੁਲਾਸੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਲਈ ਜਸੂਸੀ ਮਾਮਲੇ ਵਿਚ ਮੁੱਖ ਮੁਲਜ਼ਮ ਅਮਰੀਕ ਸਿੰਘ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਇਸ ਦੀ ਗ੍ਰਿਫਤਾਰੀ ਪਾਈ ਗਈ। 10 ਸਤੰਬਰ ਨੂੰ ਇਸ ਦੇ ਜਾਸੂਸ ਸਾਥੀ ਫ਼ੌਜੀ ਮਨਪ੍ਰੀਤ ਸ਼ਰਮਾ ਵਾਸੀ ਪਿੰਡ ਬਲਬੇੜਾ ਨੂੰ ਭੋਪਾਲ (ਮੱਧ ਪ੍ਰਦੇਸ਼) ਤੋਂ ਗ੍ਰਿਫਤਾਰ ਕੀਤਾ ਗਿਆ। ਦੋਵਾਂ ਦਾ 18 ਸਤੰਬਰ ਤੱਕ ਪੁਲਸ ਰਿਮਾਂਡ ਲਿਆ ਗਿਆ। ਐੱਸ. ਐੱਸ. ਪੀ ਅਨੁਸਾਰ ਫੌਜੀ ਮਨਪ੍ਰੀਤ ਕੋਲੋਂ ਵੀ ਭਾਰਤੀ ਫੌਜ ਦਾ ਅਹਿਮ ਡਾਟਾ ਬ੍ਰਾਮਦ ਹੋਇਆ ਅਤੇ ਅਮਰੀਕ ਸਿੰਘ ਤੋਂ ਪੁੱਛਗਿਛ ਦੌਰਾਨ ਸਮਾਣਾ ਰੋਡ ਤੋਂ 3 ਪਿਸਟਲ ਰੋਂਦ ਸਮੇਤ ਬਰਾਮਦ ਕੀਤੇ ਗਏ। ਇਸੇ ਦੌਰਾਨ ਹੀ ਅਮਰੀਕ ਸਿੰਘ ਦੇ ਇਕ ਹੋਰ ਸਾਥੀ ਬੱਬਰ ਖਾਲਸਾ ਨਾਲ ਸਬੰਧਤ ਰਹੇ ਨੰਦ ਸਿੰਘ ਵਾਸੀ ਪਿੰਡ ਸੂਹਰੋ ਜ਼ਿਲ੍ਹਾ ਪਟਿਆਲਾ ਨੂੰ ਵੀ 18 ਸਤੰਬਰ ਨੂੰ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਜਿਸ ਕੋਲੋਂ ਇਕ ਪਿਸਟਲ 32 ਬੋਰ ਸਮੇਤ 5 ਰੌਦ ਬ੍ਰਾਮਦ ਹੋਏ ਹਨ।