ਮੋਗਾ ‘ਚ ਬਲਾਕ ਕਾਂਗਰਸ ਪ੍ਰਧਾਨ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ


ਮੋਗਾ- ਮੋਗਾ ਤੋਂ ਵੱਡੀ ਖਬ਼ਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਅਤੇ ਪਿੰਡ ਡਾਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ (45) ਦਾ ਦਿਨ-ਦਿਹਾੜੇ ਹਮਲਾਵਰਾਂ ਨੇ ਘਰ ’ਚ ਦਾਖ਼ਲ ਹੋ ਕੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਜੋ ਪਿੰਡ ਦੇ ਨੰਬਰਦਾਰ ਵੀ ਸਨ, ਦੇ ਫੋਨ ’ਤੇ ਕਿਸੇ ਜਾਣਕਾਰ ਨੇ ਕਾਲ ਕੀਤੀ ਕਿ ਕਿਸੇ ਜ਼ਰੂਰੀ ਦਸਤਾਵੇਜ਼ਾਂ ’ਤੇ ਸਨਾਖ਼ਤੀ ਦਸਤਖ਼ਤ ਕਰਵਾਉਣੇ ਹਨ। ਇਸੇ ਤਹਿਤ ਹਮਲਾਵਰ ਦਸਤਖ਼ਤ ਕਰਵਾਉਣ ਦੇ ਬਹਾਨੇ ਨਾਲ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਗਏ। ਬਲਜਿੰਦਰ ਸਿੰਘ ਆਪਣੇ ਘਰ ਵਿੱਚ ਹੀ ਵਾਲ ਕਟਵਾ ਰਿਹਾ ਸੀ। ਇਸ ਦੌਰਾਨ ਹਮਲਾਵਰਾਂ ਨੇ 12 ਬੋਰ ਦੀ ਬੰਦੂਕ ਨਾਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪਤਾ ਲੱਗਾ ਹੈ ਕਿ ਇਕ ਗੋਲ਼ੀ ਛਾਤੀ ਅਤੇ ਇਕ ਢਿੱਡ ਦੇ ਹੇਠਲੇ ਹਿੱਸੇ ’ਤੇ ਲੱਗੀ ਹੈ। ਇਸ ਮਗਰੋਂ ਜ਼ਖ਼ਮੀ ਹਾਲਤ ‘ਚ ਪ੍ਰਧਾਨ ਬੱਲੀ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਪੁਲਸ ਮੁਖੀ ਜੇ. ਇਲਨਚੇਲੀਅਨ, ਐੱਸ.ਪੀ.ਡੀ. ਅਜੇ ਰਾਜ ਸਿੰਘ, ਥਾਣਾ ਮਹਿਣਾ ਦੇ ਮੁੱਖ ਅਫ਼ਸਰ ਰਜਿੰਦਰ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਐੱਸ.ਪੀ.ਡੀ. ਅਜੇ ਰਾਜ ਸਿੰਘ ਦਾ ਕਹਿਣਾ ਸੀ ਕਿ ਸੀਸੀਟੀਵੀ ਕੈਮਰਿਆਂ ਫੁਟੇਜ ਅਤੇ ਹੋਰ ਸਾਧਨਾਂ ਰਾਹੀਂ ਕਾਤਲਾਂ ਦਾ ਖੁਰਾਖੋਜ ਲੱਭਿਆ ਜਾ ਰਿਹਾ ਹੈ।

ਦੂਜੇ ਪਾਸੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਭੁਪਿੰਦਰ ਸਿੰਘ ਸਾਹੋਕੇ ਨੇ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਅਮਨ-ਕਾਨੂੰਨ ਦੀ ਵਿਗੜੀ ਸਥਿਤੀ ਕਰਕੇ ਹੀ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਤਲਾਂ ਦੀ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ।

Leave a Reply

Your email address will not be published. Required fields are marked *