ਚੰਡੀਗੜ੍ਹ : ਪੰਜਾਬ ‘ਚੋਂ ਅਜੇ ਮਾਨਸੂਨ ਦੀ ਵਿਦਾਈ ਨਹੀਂ ਹੋਵੇਗੀ। ਦਰਅਸਲ ਮੌਸਮ ਵਿਭਾਗ ਨੇ ਇਸ ਬਾਰੇ ਤਾਜ਼ਾ ਅਪਡੇਟ ਦਿੰਦਿਆਂ ਕਿਹਾ ਹੈ ਕਿ ਮਾਨਸੂਨ ਦਾ ਹਲਕਾ ਅਸਰ ਸਤੰਬਰ ਮਹੀਨੇ ਦੇ ਤੀਜ ਹਫ਼ਤੇ ਤੱਕ ਵੀ ਜਾਰੀ ਰਹਿਣ ਵਾਲਾ ਹੈ। ਇਸ ਨਾਲ ਜ਼ਿਆਦਾ ਮੀਂਹ ਦੀ ਤਾਂ ਉਮੀਦ ਨਹੀਂ ਹੈ ਪਰ ਬੱਦਲਵਾਈ ਅਤੇ ਕੁੱਝ ਥਾਵਾਂ ‘ਤੇ ਹਲਕਾ ਮੀਂਹ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ‘ਚੋਂ ਮਾਨਸੂਨ ਦੀ ਵਿਦਾਈ ਸਤੰਬਰ ਮਹੀਨੇ ਦੇ ਆਖ਼ਰੀ ਦਿਨਾਂ ਜਾਂ ਫਿਰ ਅਕਤੂਬਰ ਦੇ ਪਹਿਲੇ ਹਫ਼ਤੇ ‘ਚ ਹੋ ਸਕਦੀ ਹੈ ਕਿਉਂਕਿ 25 ਸਤੰਬਰ ਤੱਕ ਮਾਨਸੂਨ ਦੇ ਬੱਦਲ ਛਾਏ ਰਹਿਣ ਅਤੇ ਇਸ ਦਾ ਹਲਕਾ ਅਸਰ ਦੇਖਣ ਨੂੰ ਮਿਲਦਾ ਰਹੇਗਾ। ਪਿਛਲੇ 14 ਸਾਲਾਂ ‘ਚ ਸੂਬੇ ‘ਚੋਂ ਮਾਨਸੂਨ ਨੇ 4 ਵਾਰ ਅਕਤੂਬਰ ਮਹੀਨੇ ਵਿਦਾਈ ਲਈ ਹੈ। ਦੱਸਣਯੋਗ ਹੈ ਕਿ ਇਸ ਸਮੇਂ ਸੂਬੇ ‘ਚ 1 ਜੂਨ ਤੋਂ 16 ਸਤੰਬਰ ਤੱਕ 367.2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 11 ਫ਼ੀਸਦੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਵੀ ਕੁੱਝ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।