ਮੋਹਾਲੀ : ਅਨੰਤਨਾਗ ‘ਚ ਬੀਤੇ ਬੁੱਧਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਮੋਹਾਲੀ ਦੇ ਕਰਨਲ ਮਨਪ੍ਰੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਸਨ, ਜੋ ਕਿ ਅੱਜ ਪੰਜ ਤੱਤਾਂ ‘ਚ ਵਿਲੀਨ ਹੋ ਗਏ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਹਰ ਕਿਸੇ ਦੀ ਅੱਖ ਨਮ ਦਿਖਾਈ ਦਿੱਤੀ। ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਅਤੇ ਪਿੰਡ ਦੇ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ। ਜਦੋਂ ਸ਼ਹੀਦ ਦੀ ਮ੍ਰਿਤਕ ਦੇਹ ਘਰ ਪੁੱਜੀ ਤਾਂ ਉਨ੍ਹਾਂ ਦੇ 7 ਸਾਲਾ ਪੁੱਤ ਨੇ ਫ਼ੌਜ ਦੀ ਵਰਦੀ ਪਾ ਕੇ ਆਪਣੇ ਪਿਤਾ ਨੂੰ ਸੈਲਿਊਟ ਕੀਤਾ ਅਤੇ ਸਾਰਾ ਪਰਿਵਾਰ ਰੋਂਦਾ ਹੋਇਆ ਦਿਖਾਈ ਦਿੱਤਾ।
ਸ਼ਹੀਦ ਕਰਨਲ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ‘ਚ ਭੀੜ ਇਕੱਠੀ ਹੋ ਗਈ। ਦੱਸਣਯੋਗ ਹੈ ਕਿ ਕਰਨਲ ਮਨਪ੍ਰੀਤ ਸਿੰਘ ਦੀ ਨਿਯੁਕਤੀ 19 ਰਾਸ਼ਟਰੀ ਰਾਈਫ਼ਲਸ ‘ਚ ਸੀ ਅਤੇ ਉਹ ਕਮਾਂਡਿੰਗ ਅਫ਼ਸਰ ਸਨ। 2020 ਤੋਂ ਬਾਅਦ ਤੋਂ ਉਹ ਜੰਮੂ-ਕਸ਼ਮੀਰ ਵਿਚ ਸਨ। ਕਰਨਲ ਮਨਪ੍ਰੀਤ ਸਿੰਘ ਦੇ ਭਰਾ ਸੰਦੀਪ ਸਿੰਘ ਅਤੇ ਦੋਸਤ ਤਲਵਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਦੀ ਪਤਨੀ ਜਗਮੀਤ ਕੌਰ ਅਧਿਆਪਕਾ ਹੈ ਅਤੇ ਅੱਜ-ਕੱਲ੍ਹ ਉਸ ਦੀ ਨਿਯੁਕਤੀ ਮੋਰਨੀ, ਪੰਚਕੂਲਾ ‘ਚ ਹੈ।
ਉਨ੍ਹਾਂ ਦਾ 7 ਸਾਲ ਦਾ ਇਕ ਪੁੱਤਰ ਅਤੇ ਢਾਈ ਸਾਲ ਦੀ ਧੀ ਹੈ, ਜੋ ਇਸ ਸਮੇਂ ਪੰਚਕੂਲਾ ‘ਚ ਰਹਿੰਦੇ ਹਨ ਕਿਉਂਕਿ ਜਗਮੀਤ ਕੌਰ ਦਾ ਉੱਥੇ ਪੇਕਾ ਘਰ ਹੈ। ਭੜੌਜੀਆ ਪਿੰਡ ‘ਚ ਇਸ ਸਮੇਂ ਉਨ੍ਹਾਂ ਦੀ ਮਾਂ ਮਨਜੀਤ ਕੌਰ ਰਹਿੰਦੀ ਹੈ ਅਤੇ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ। ਮਨਪ੍ਰੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੂਰਾ ਪਿੰਡ ਸੋਗ ਵਿਚ ਹੈ ਕਿਉਂਕਿ ਉਨ੍ਹਾਂ ਨੇ ਇਕ ਅਫ਼ਸਰ ਦੇ ਨਾਲ-ਨਾਲ ਲਾਡਲਾ ਪੁੱਤਰ ਵੀ ਖੋਹ ਦਿੱਤਾ।