ਜੰਮੂ- ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ‘ਤੇ ਮੰਗਲਵਾਰ ਤੜਕੇ ਜ਼ਮੀਨ ਖਿਸਕਣ ਦੀ ਲਪੇਟ ‘ਚ ਆਉਣ ਮਗਰੋਂ ਇਕ ਟਰੱਕ ਡੂੰਘੀ ਖੱਡ ‘ਚ ਡਿੱਗ ਗਿਆ, ਜਿਸ ਕਾਰਨ ਉਸ ‘ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਤੜਕੇ ਕਰੀਬ 5 ਵਜੇ ਰਾਮਬਨ ਜ਼ਿਲ੍ਹੇ ਵਿਚ ਸ਼ੇਰਬੀਬੀ ਕੋਲ ਹਾਈਵੇਅ ‘ਤੇ ਜ਼ਮੀਨ ਖਿਸਕਣ ਮਗਰੋਂ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟਰੱਕ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਪੁਲਸ ਨੇ ਬਚਾਅ ਮੁਹਿੰਮ ਤੁਰੰਤ ਸ਼ੁਰੂ ਕਰ ਦਿੱਤੀ ਅਤੇ ਟਰੱਕ ‘ਚ ਫਸੀਆਂ ਸਾਰੀਆਂ 4 ਲਾਸ਼ਾਂ ਨੂੰ ਬਾਹਰ ਕੱਢਿਆ।
ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਕੁਲਗਾਮ ਦੇ ਟਰੱਕ ਡਰਾਈਵਰ ਮੁਹੰਮਦ ਅਫ਼ਜ਼ਲ ਗਾਰੂ, ਉਸ ਦੇ ਭਰਾ ਅਲਤਾਫ ਗਾਰੂ, ਅਨੰਤਨਾਗ ਦੇ ਇਰਫਾਨ ਅਹਿਮਦ ਅਤੇ ਉਸ ਦੇ ਭਰਾ ਸ਼ੌਕਤ ਅਹਿਮਦ ਦੇ ਰੂਪ ਵਿਚ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਵਰਤੋਂ ਲਈ ਟਰੱਕ ‘ਚ ਲੈ ਕੇ ਜਾ ਰਹੇ ਲੱਗਭਗ 6 ਪਸ਼ੂ ਵੀ ਹਾਦਸੇ ਵਿਚ ਮਾਰੇ ਗਏ। ਅਧਿਕਾਰੀਆਂ ਮੁਤਾਬਕ ਜ਼ਮੀਨ ਖਿਸਕਣ ਕਾਰਨ ਹਾਈਵੇਅ ਠੱਪ ਹੋ ਗਿਆ। ਇਹ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਹਰ ਮੌਸਮ ਵਿਚ ਜੋੜਨ ਵਾਲੀ ਇਕਮਾਤਰ ਸੜਕ ਹੈ। ਉਨ੍ਹਾਂ ਨੇ ਕਿਹਾ ਕਿ ਸੜਕ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਜਾਰੀ ਹੈ, ਤਾਂ ਕਿ ਆਵਾਜਾਈ ਬਹਾਲ ਹੋ ਸਕੇ।