ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਪੀ. ਏ. ਪੀ. ਗਰਾਊਂਡ ਵਿਚ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ 2021 ਵਿੱਚ ਸਬ-ਇੰਸਪੈਕਟਰਾਂ ਦੀ ਭਰਤੀ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਮੰਤਰੀ ਬਲਕਾਰ ਸਿੰਘ, ਡੀ. ਜੀ. ਪੀ. ਗੌਰਵ ਯਾਦਵ, ਐੱਮ. ਪੀ. ਸੁਸ਼ੀਲ ਕੁਮਾਰ ਰਿੰਕੂ ਵੀ ਪਹੁੰਚੇ।
ਇਸ ਮੌਕੇ ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬੇਹੱਦ ਖ਼ਾਸ ਕਿਉਂਕਿ ਅਜਿਹਾ ਦਿਨ ਪਹਿਲਾਂ ਕਦੇ ਆਇਆ ਹੀ ਨਹੀਂ। ਅੱਜ 560 ਐੱਸ. ਆਈ. ਪੰਜਾਬ ਸਰਕਾਰ ਦੇ ਪਰਿਵਾਰ ਵਿਚ ਸ਼ਾਮਲ ਹੋਏ ਹਨ। ਇਨ੍ਹਾਂ ਸਬ ਇੰਸਪੈਕਟਰਾਂ ਨੂੰ ਕੋਈ ਸਿਫ਼ਾਰਿਸ਼ ਨਹੀਂ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ 1700 ਤੋਂ ਵੱਧ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ। ਭਗੰਵਤ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਪਹਿਲਾਂ ਮੈਰਿਟ ਵਿਚ ਆਉਣ ਤੋਂ ਬਾਅਦ ਵੀ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਸੀ ਅਤੇ ਪਹਿਲਾਂ ਸਿਫ਼ਾਰਿਸ਼ ਦੇ ਆਧਾਰ ‘ਤੇ ਹੀ ਨੌਕਰੀ ਦਿੱਤੀ ਜਾਂਦੀ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਪਿਛਲੇ ਡੇਢ ਸਾਲ ਤੋਂ ਅਸੀਂ ਬਿਨਾਂ ਸਿਫ਼ਾਰਿਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਾਂ।
ਵਿਰੋਧੀਆਂ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਕਿਸੇ ਐਰੇ ਗੈਰੇ, ਨੱਥੂ ਖੈਰੇ ਤੋਂ ਐੱਨ. ਓ. ਸੀ. ਲੈਣ ਦੀ ਨਹੀਂ। ਉਨ੍ਹਾਂ ਕਿਹਾ ਕਿ ਮੇਰੇ ਸੁਫ਼ਨਿਆਂ ‘ਚ ਅਤੇ ਜਾਗਦੇ ਹੋਏ ਵੀ ਪੰਜਾਬ ਹੀ ਆਉਂਦਾ ਹੈ। ਪੰਜਾਬ ਨੂੰ ਨੰਬਰ ਇਕ ਬਣਾਉਣ ਦਾ ਸੁਫ਼ਨਾ ਮੈਨੂੰ ਕਦੇ ਸੌਂਣ ਨਹੀਂ ਦਿੰਦਾ। ਉਥੇ ਹੀ ਭਗਵੰਤ ਮਾਨ ਨੇ ਰਾਜਾ ਵੜਿੰਗ ਤੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਵੜਿੰਗ ਅਤੇ ਮਜੀਠੀਆ ਪੰਜਾਬ ਦਾ ਪੇਪਾਰ 45 ਫ਼ੀਸਦੀ ਨੰਬਰਾਂ ਨਾਲ ਪਾਸ ਕਰਕੇ ਵਿਖਾਉਣ। ਦੋਹਾਂ ਨੂੰ ਭਗਵੰਤ ਮਾਨ ਵੱਲੋਂ ਇਕ ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਦਿਨ ਪਹਿਲਾਂ ਹੀ 710 ਪਟਵਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਦੌਰਾਨ ਸੀ. ਐੱਮ. ਮਾਨ ਨੇ ਕਿਹਾ ਸੀ ਕਿ ਹੁਣ ਉਮੀਦਵਾਰਾਂ ਨੂੰ ਸਿਖਲਾਈ ਦੌਰਾਨ 5 ਹਜ਼ਾਰ ਰੁਪਏ ਦੀ ਬਜਾਏ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਭੱਤਾ ਦਿੱਤਾ ਜਾਵੇਗਾ।