ਜਲੰਧਰ – ਪੰਜਾਬ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਾਰੋਬਾਰ ਚਲਾਉਣ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਸਕੂਲੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੇ ਕਾਰੋਬਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਲਈ ਸਰਕਾਰ ਬੱਚਿਆਂ ਨੂੰ ਛੋਟੇ ਕਾਰੋਬਾਰ ਕਰਨ ਲਈ ਫੰਡ ਵੀ ਦੇ ਰਹੀ ਹੈ। ਬਿਜ਼ਨਸ ਬਲਾਸਟਰ ਨਾਮ ਦੀ ਇਸ ਸਕੀਮ ਪਿੱਛੇ ਸਰਕਾਰ ਦੇ ਇਸ ਕਦਮ ਦਾ ਮਕਸਦ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੀ ਭਟਕਣਾ ਤੋਂ ਬਚਾਉਣਾ ਹੈ। ਇਸ ਸਾਲ ਪੰਜਾਬ ਵਿਚ ਤਿੰਨ ਲੱਖ ਵਿਦਿਆਰਥੀਆਂ ਨੂੰ ਨੌਜਵਾਨ ਉੱਦਮੀ ਬਣਾਇਆ ਜਾ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਸਕੀਮ ਨਾਲ ਜਿੱਥੇ ਸਿੱਖਿਆ ਦੇ ਨਾਲ-ਨਾਲ ਰੋਜ਼ਗਾਰ ਵੀ ਮਿਲੇਗਾ, ਉੱਥੇ ਹੀ ਨੌਜਵਾਨਾਂ ਨੂੰ ਵਿਦੇਸ਼ ਦਾ ਰੁਖ ਨਹੀਂ ਕਰਨਾ ਪਵੇਗਾ।
ਪੰਜਾਬ ਸਰਕਾਰ ਨੇ ਬੰਗਲੌਰ ਸਥਿਤ ਉਦਮ ਲਰਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਹ ਸਕੀਮ ਪਿਛਲੇ ਸਾਲ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਸੀ, ਜਿਸ ਵਿਚ ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 10,000 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਬੱਚਿਆਂ ਨੂੰ ਸਰਕਾਰ ਵੱਲੋਂ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰਨ ਲਈ 2000-2000 ਰੁਪਏ ਦਿੱਤੇ ਸਨ, ਤਾਂ ਜੋ ਬੱਚੇ ਕੋਈ ਵੀ ਵਸਤੂ ਬਣਾਉਣ ਜਾਂ ਥੋਕ ਵਿਚ ਸਾਮਾਨ ਖ਼ਰੀਦ ਕੇ ਪ੍ਰਚੂਨ ਵਿਚ ਵੇਚਣ ਦਾ ਧੰਦਾ ਸ਼ੁਰੂ ਕਰ ਸਕਣ। ਸਰਕਾਰ ਵੱਲੋਂ ਦਿੱਤੀ ਗਈ ਰਾਸ਼ੀ ਇਕੱਠੀ ਕਰਕੇ 5-6 ਬੱਚਿਆਂ ਦੇ ਸਾਂਝੇ ਗਰੁੱਪ ਨੂੰ ਕਾਰੋਬਾਰ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਇਸ ਸਾਲ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਤਿੰਨ ਲੱਖ ਬੱਚੇ ਇਸ ਵਿਚ ਸ਼ਾਮਲ ਹੋਏ ਹਨ। ਫੰਡ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਅਤੇ ਕਾਰੋਬਾਰ ਦੀ ਸਿਖਲਾਈ ਉੱਦਮ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ।