ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ 25 ਹਜ਼ਾਰ ਸ਼ਹਿਰੀ ਗਰੀਬ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 101 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਸ ਤਹਿਤ ਹਰੇਕ ਪਰਿਵਾਰ ਨੂੰ 1 ਲੱਖ, 75 ਹਜ਼ਾਰ ਰੁਪਏ ਦੈ ਚੈੱਕ ਸੌਂਪੇ ਗਏ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਟੈਕਸਾਂ ਰਾਹੀਂ ਪੈਸਾ ਇਕੱਠਾ ਕਰਦੀ ਹੈ ਅਤੇ ਇਹ ਟੈਕਸ ਕਿਸੇ ਨਾ ਕਿਸੇ ਸਕੀਮ ਦੇ ਰੂਪ ‘ਚ ਲੋਕਾਂ ਨੂੰ ਵਾਪਸ ਦਿੰਦੀ ਹੈ ਪਰ ਇਸ ਦੇ ਲਈ ਨੀਅਤ ਸਾਫ਼ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਲੁਧਿਆਣਾ ਨਗਰ ਨਿਗਮ ਲਈ 50 ਨਵੇਂ ਟਰੈਕਟਰਾਂ ਨੂੰ ਹਰੀ ਝੰਡੀ ਦਿੱਤੀ, ਜਿਨ੍ਹਾਂ ਦੀ ਕੀਮਤ ਕਰੀਬ 2 ਕਰੋੜ, 23 ਲੱਖ ਰੁਪਏ ਹੈ। ਇਨ੍ਹਾਂ ਟਰੈਕਟਰਾਂ ਨੂੰ ਕੂੜਾ ਚੁੱਕਣ, ਪਾਰਕਾਂ ‘ਚ ਨਵੇਂ ਬੂਟੇ ਲਾਉਣ, ਬੂਟਿਆਂ ਨੂੰ ਪਾਣੀ ਦੇਣ ਅਤੇ ਹੋਰ ਬਾਗਬਾਨੀ ਦੇ ਕੰਮਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਵਿਰੋਧੀ ਪਾਰਟੀਆਂ ‘ਤੇ ਵੀ ਰਗੜੇ ਲਾਏ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੇਰੇ ‘ਤੇ ਜੋ ਵਿਸ਼ਵਾਸ ਕੀਤਾ ਹੈ, ਮੈਂ ਉਸ ਨੂੰ ਹੀ ਨਿਭਾਅ ਰਿਹਾ ਹਾਂ।
ਹੁਣ ਸੂਬੇ ‘ਚ ‘ਸੜਕ ਸੁਰੱਖਿਆ ਫੋਰਸ’ ਸੜਕਾਂ ‘ਤੇ ਵਾਪਰਨ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਕੰਮ ਕਰੇਗੀ ਅਤੇ ਅਸੀਂ ਕੀਮਤੀ ਜਾਨਾਂ ਬਚਾਉਣ ‘ਕ ਕਾਮਯਾਬ ਹੋ ਸਕਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਇੱਥੇ ਹੀ ਪੜ੍ਹਨ ਅਤੇ ਨੌਕਰੀਆਂ ਕਰਨ ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਰਹਿ ਸਕਣ। ਜਿਹੜੇ ਲੋਕ ਬਾਹਰ ਵੀ ਚਲੇ ਗਏ ਹਨ, ਅੱਜ ਵੀ ਉਨ੍ਹਾਂ ਦਾ ਮਨ ਪੰਜਾਬ ‘ਚ ਹੀ ਵੱਸਦਾ ਹੈ ਅਤੇ ਆਪਣੇ ਤਿਉਹਾਰ ਮਨਾਉਣ ਲਈ ਉਹ ਇੱਥੇ ਹੀ ਆਉਂਦੇ ਹਨ।