CM ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਹੌਂਸਲਾ, ਲਿਖਿਆ- ‘ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ’


ਚੰਡੀਗੜ੍ਹ- ਸਰਦੂਲਗੜ੍ਹ ਤੋਂ ਪਠਾਨਕੋਟ ਤੱਕ ਸਾਰੇ ਪੰਜਾਬ ਦੇ ਪਾਣੀ ਦੇ ਹਾਲਾਤ ਬਦਤਰ ਹੋ ਚੁੱਕੇ ਹਨ। ਜਿਸ ਨੂੰ ਲੈ ਕੇ ਲੋਕਾਂ ‘ਚ ਹਫ਼ੜਾ-ਦਫ਼ੜੀ ਮਚ ਚੁੱਕੀ ਹੈ। ਇਸ ਚਿੰਤਾ ਦੀ ਘੜੀ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਹੌਂਸਲਾ ਦਿੰਦਿਆਂ ਟਵੀਟ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਸਰਦੂਲਗੜ੍ਹ ਤੋਂ ਪਠਾਨਕੋਟ ਤੱਕ ਸਾਰੇ ਪੰਜਾਬ ਦੇ ਪਾਣੀ ਦੇ ਹਾਲਾਤ ‘ਤੇ ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ। ਪ੍ਰਸ਼ਾਸਨ, ਸਮਾਜਸੇਵੀ ਸੰਸਥਾਵਾਂ ਅਤੇ ਲੋਕ ਮਿਲਕੇ ਜੋ ਲੋੜਬੰਦਾਂ ਦੀ ਮਦਦ ਕਰ ਰਹੇ ਨੇ ਉਹ ਬਹੁਤ ਹੀ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਰਹੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਰਾਹਤ ਕਾਰਜਾਂ ਦੇ ਕੰਮ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਬੀਤੀ ਰਾਤ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ‘ਚ ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਰਾਵੀ ਦਰਿਆ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਪਿੰਡਾਂ ‘ਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਿ ਉੱਜ ਦਰਿਆ ਦਾ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਹ ਪਾਣੀ ਰਾਵੀ ਦਰਿਆ ‘ਚ ਆ ਮਿਲਿਆ, ਜਿਸ ਨਾਲ ਦੀਨਾਨਗਰ ਦੇ ਮਕੌੜਾ ਪੱਤਣ ‘ਚ ਰਾਵੀ ਦਰਿਆ ਦੇ ਪਾਰ ਕਰੀਬ 7 ਪਿੰਡਾਂ ਦਾ ਸੰਪਰਕ ਪੰਜਾਬ ਨਾਲੋਂ ਬਿਲਕੁਲ ਟੁੱਟ ਗਿਆ। ਉਥੇ ਹੀ ਦੇਰ ਸ਼ਾਮ ਜਦ ਉਹੀ ਰਾਵੀ ਦਰਿਆ ਦਾ ਪੱਧਰ ਡੇਰਾ ਬਾਬਾ ਨਾਨਕ ਨੇੜੇ ਵਧਿਆ ਤਾਂ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਤਾਂ ਜਾਰੀ ਕੀਤਾ ਹੀ ਸੀ ਪਰ ਪਾਣੀ ਜਿਵੇਂ-ਜਿਵੇਂ ਵਧਣ ਲੱਗਾ ਤਾਂ ਉਨ੍ਹਾਂ ਨੂੰ ਇਹ ਡਰ ਸਤਾਉਣ ਲੱਗਾ ਕਿ ਫ਼ਸਲਾਂ ਤਾਂ ਉਨ੍ਹਾਂ ਦੀਆਂ ਪਾਣੀ ਦੀ ਮਾਰ ਹੇਠ ਆ ਹੀ ਗਈਆਂ ਹਨ, ਹੁਣ ਡਰ ਹੈ ਕਿ ਪਾਣੀ ਘਰਾਂ ਵੱਲ ਨਾ ਰੁੱਖ ਕਰ ਲਵੇ।

Leave a Reply

Your email address will not be published. Required fields are marked *