ਫ਼ਿਰੋਜ਼ਪੁਰ- ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਦੇ 3 ਪੈਕਟ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਰਾਮਦ ਹੋਈ ਹੈਰੋਇਨ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾ ਰਹੀ ਹੈ, ਜਿਸ ਨੂੰ ਜਵਾਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਫਿਰੋਜ਼ਪੁਰ ਸਰਹੱਦ ਨਾਲ ਲੱਗਦੇ ਬੀ.ਓ.ਪੀ. ਮਬੋਕੇ ਦੇ ਇਲਾਕੇ ਵਿੱਚ ਹੈਰੋਇਨ ਦੀ ਇੱਕ ਖੇਪ ਭੇਜੀ ਗਈ ਹੈ। ਇਸ ਸੂਚਨਾ ਦੇ ਅਧਾਰ ‘ਤੇ ਬੀ.ਐੱਸ.ਐੱਫ ਵੱਲੋਂ ਬੀ. ਓ. ਪੀ. ਮਬੋਕੇ ਦੇ ਇਲਾਕੇ ਵਿੱਚ ਸਰਚ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਸਰਹੱਦ ਦੇ ਜਵਾਨਾਂ ਨੂੰ ਖੇਤਾਂ ਵਿਚੋਂ ਕਾਲੇ ਰੰਗ ਦਾ ਇਕ ਬੈਗ ਮਿਲਿਆ, ਜਿਸ ਵਿੱਚ 3 ਪੈਕਟ ਹੈਰੋਇਨ ਬਰਾਮਦ ਹੋਏ। ਬਰਾਮਦ ਪੈਕੇਟਾਂ ਵਿੱਚ ਕਰੀਬ ਢਾਈ ਕਿੱਲੋ ਹੈਰੋਇਨ ਸੀ। ਬੀ.ਐੱਸ.ਐੱਫ. ਵੱਲੋਂ ਇਲਾਕੇ ਵਿੱਚ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ।