ਪਟਿਆਲਾ : ਸਯੁੰਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇਪਿਛਲੇ ਪੰਜ ਦਿਨਾਂ ਤੋਂ ਲਗਾਇਆ ਪੱਕਾ ਧਰਨਾ ਮੰਗਲਵਾਰ ਸਵੇਰੇ ਕਾਰਵਾਈ ਕਰਦਿਆਂ ਪੁਲਿਸ ਨੇ ਖਿੰਡਾ ਦਿੱਤਾ। ਐਸਐਸਪੀ ਦੀ ਅਗਵਾਈ ਹੇਠ ਪਹੁੰਚੀ ਵੱਡੀ ਗਿਣਤੀ ‘ਚ ਪੁਲਿਸ ਫੋਰਸ ਨੇ ਪਹਿਲਾਂ ਪਾਵਰਕਾਮ ਦੇ ਸਾਰੇ ਗੇਟਾਂ ਸਾਹਮਣੇ ਬੈਠੇ ਕਿਸਾਨਾਂ ਨੂੰ ਜ਼ਬਰਦਸਤੀ ਉਠਾ ਕੇ ਗੇਟ ਖੁੱਲ੍ਹਵਾਏ ਤੇ ਫਿਰ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਹੋਰਨਾ ਕਿਸਾਨਾਂ ਨੂੰ ਵੀ ਧਰਨੇ ਵਾਲੀ ਥਾਂ ਤੋਂ ਖਦੇੜ ਦਿੱਤਾ। ਪੁਲਿਸ ਵੱਲੋਂ ਮਿੱਟੀ ਦੇ ਭਰੇ ਟਿੱਪਰਾਂ ਨਾਲ ਧਰਨੇ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਾਲਾਂਕਿ ਬਾਅਦ ਵਿਚ ਰਸਤੇ ਖੋਲ੍ਹ ਦਿੱਤੇ ਗਏ।
ਧਰਨੇ ਦੇ ਟੈਂਟ ਤਕ ਪੁੱਟ ਕੇ ਰਸਤਾ ਸਾਫ ਕਰ ਦਿੱਤਾ ਗਿਆ ਹੈ। ਪਾਵਰਕਾਮ ਦੇ ਅਧਿਕਾਰੀਆਂ ਨੇ ਵੀ ਆਪਣੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਗੇਟ ਖੁੱਲ੍ਹਣ ਬਾਰੇ ਸੂਚਿਤ ਕਰ ਦਿੱਤਾ ਹੈ ਤੇ ਅਧਿਕਾਰੀ ਦਫ਼ਤਰ ਪਹੁੰਚਣੇ ਸ਼ੁਰੂ ਹੋ ਗਏ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਨਿਖੇਧੀ ਕੀਤੀ ਗਈ ਹੈ। ਪਿੰਡਾਂ ਵਿਚ ਰੋਡ ਜਾਮ ਕਰਨ ਦਾ ਐਲਾਨ ਕੀਤੇ ਜਾਣ ਲੱਗੇ ਹਨ।ਉਧਰ, ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਤੇ ਆਮ ਜਨਤਾ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਲਈ ਧਰਨਾ ਚੁੱਕਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਸ਼ਹਿਰ ਦੀਆਂ ਸੜਕਾਂ ਨੂੰ ਬਲਾਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਉਨ੍ਹਾਂ ਨੇ ਧਰਨਾ ਲਾਉਣਾ ਹੈ ਤਾਂ ਉਸ ਦੀ ਇਜਾਜ਼ਤ ਲੈਣੀ ਪਵੇਗੀ। ਕਿਸਾਨ ਡੱਲੇਵਾਲ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ।