ਅੰਮ੍ਰਿਤਸਰ- ਮਸ਼ਹੂਰ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਮੁਲਜ਼ਮਾਂ ’ਚੋਂ ਮੁੱਖ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਐੱਸ. ਐੱਸ. ਓ. ਸੀ. (ਸਟੇਟ ਆਪ੍ਰੇਸ਼ਨ ਸੈੱਲ) ਦੀ ਟੀਮ ਨੇ ਪੂਰੀ ਟੀਮ ਸਮੇਤ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕੀਤਾ। ਪੁਲਸ ਨੇ ਹੁਣ ਉਸ ਨੂੰ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਮੁਲਜ਼ਮ ਬਣਾਇਆ ਹੈ। ਟੀਮ ਨੇ ਮਾਣਯੋਗ ਅਦਾਲਤ ਤੋਂ ਜੱਗੂ ਭਗਵਾਨਪੁਰੀਆ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ। ਦੂਜੇ ਪਾਸੇ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 29 ਮਈ ਤੱਕ ਰਿਮਾਂਡ ਦਿੰਦਿਆਂ ਐੱਸ. ਐੱਸ. ਓ. ਸੀ. ਦੀ ਟੀਮ ਹਵਾਲੇ ਕਰ ਦਿੱਤਾ ਹੈ। ਹੁਣ ਪੁਲਸ ਟੀਮ ਜੱਗੂ ਤੋਂ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਸਟੇਟ ਆਪ੍ਰੇਸ਼ਨ ਸੈੱਲ ਵਿਚ ਪੁੱਛਗਿੱਛ ਕਰੇਗੀ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ 17 ਮਈ ਨੂੰ ਐੱਸ. ਐੱਸ. ਓ. ਸੀ. ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਵਿਚ ਦੋ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਅੰਮ੍ਰਿਤਸਰ ਆ ਰਹੇ ਹਨ। ਇਸ ਦੇ ਆਧਾਰ ’ਤੇ ਐੱਸ. ਐੱਸ. ਓ. ਸੀ. ਨੇ ਕਾਰਵਾਈ ਕਰਦੇ ਹੋਏ ਹਰਪਾਲ ਸਿੰਘ ਵਾਸੀ ਮਾਨਸਾ ਅਤੇ ਰੋਬਿਨ ਸਿੰਘ ਵਾਸੀ ਤਰਨਤਾਰਨ ਨੂੰ ਇਕ ਗੱਡੀ ਵਿਚ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਬਾਅਦ ਵਿਚ ਅਦਾਲਤ ਵਿਚੋਂ ਮਿਲੇ ਰਿਮਾਂਡ ਦੌਰਾਨ ਉਕਤ ਦੋਵਾਂ ਦੋਸ਼ੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਇਹ ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਹਨ ਅਤੇ ਉਸ ਦੇ ਕਹਿਣ ’ਤੇ ਹੀ ਨਸ਼ੇ ਦੀ ਸਪਲਾਈ ਕਰਦੇ ਹਨ ਅਤੇ ਪੈਸੇ ਇਕੱਠੇ ਕਰਦੇ ਹਨ। ਇਸ ਮਾਮਲੇ ਵਿੱਚ ਜੱਗੂ ਦਾ ਨਾਮ ਮੁੜ ਸਾਹਮਣੇ ਆਉਣ ਤੋਂ ਬਾਅਦ ਹੀ ਐੱਸ .ਐੱਸ. ਓ. ਸੀ. ਦੀ ਟੀਮ ਉਸ ਨੂੰ ਅੰਮ੍ਰਿਤਸਰ ਲੈ ਆਈ।