ਜਹਾਜ਼ ਰਾਹੀਂ ਤੀਰਥ ਦਰਸ਼ਨ ਕਰਾਉਣ ਵਾਲਾ ਪਹਿਲਾ ਸੂਬਾ ਬਣਿਆ ਮੱਧ ਪ੍ਰਦੇਸ਼, 32 ਬਜ਼ੁਰਗਾਂ ਨੇ ਭਰੀ ਉੱਡਾਣ


ਭੋਪਾਲ- ਆਪਣੇ 18 ਸਾਲ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਹੁਣ ਤੱਕ ਬੱਸ, ਟਰੇਨ ਆਦਿ ਨੂੰ ਹਰੀ ਝੰਡੀ ਵਿਖਾਉਂਦੇ ਆਏ ਹਨ ਪਰ ਪਹਿਲੀ ਵਾਰ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਹਵਾਈ ਜਹਾਜ਼ ਨੂੰ ਵੀ ਹਰੀ ਝੰਡੀ ਵਿਖਾਈ। ਦਰਅਸਲ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਤੀਰਥ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਹਰੀ ਝੰਡੀ ਵਿਖਾਈ। ਇਸ ਦੇ ਨਾਲ ਮੱਧ ਪ੍ਰਦੇਸ਼ ਜਹਾਜ਼ ਰਾਹੀਂ ਤੀਰਥ ਦਰਸ਼ਨ ਕਰਾਉਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਏਅਰਪੋਰਟ ਤੋਂ ਪ੍ਰਯਾਗਰਾਜ ਲਈ ਤੀਰਥ ਯਾਤਰੀਆਂ ਦੇ ਇੰਡੀਗੋ ਜਹਾਜ਼ ਨੂੰ ਹਰੀ ਝੰਡੀ ਵਿਖਾਈ। ਇਸ ਜਹਾਜ਼ ’ਚ 32 ਸ਼ਰਧਾਲੂ ਮੌਜੂਦ ਸਨ, ਜਿਨ੍ਹਾਂ ’ਚ 24 ਪੁਰਸ਼ ਅਤੇ 8 ਔਰਤਾਂ ਪ੍ਰਯਾਗਰਾਜ ਦੇ ਦਰਸ਼ਨ ਲਈ ਰਵਾਨਾ ਹੋਏ। ਯੋਜਨਾ ’ਚ ਸੂਬੇ ਦੇ 65 ਸਾਲ ਤੋਂ ਵੱਧ ਉਮਰ ਦੇ ਅਜਿਹੇ ਸੀਨੀਅਰ ਸਿਟੀਜ਼ਨ, ਜੋ ਆਮਦਨ ਕਰਦਾਤਾ ਨਹੀਂ ਹਨ, ਨੂੰ ਲਾਭ ਮਿਲੇਗਾ। ਹਵਾਈ ਯਾਤਰਾ ਤੋਂ ਇਹ ਸਫ਼ਰ 24 ਤੋਂ 36 ਘੰਟਿਆਂ ਵਿਚ ਪੂਰਾ ਹੋ ਜਾਵੇਗਾ।

ਮੁੱਖ ਮੰਤਰੀ ਚੌਹਾਨ ਨੇ ਕਿਹਾ ਕਿ ਆਪਣੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾ ਕੇ ਮੇਰਾ ਮਨ ਧੰਨ ਹੋ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਗਲੀ ਵਾਰ ਬਜ਼ੁਰਗ ਜੋੜਿਆਂ ਨੂੰ ਤੀਰਥ ਯਾਤਰਾ ਕਰਵਾਈ ਜਾਵੇਗੀ। ਉੱਥੇ ਹੀ ਤੀਰਥ ਯਾਤਰੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ। ਦੱਸ ਦੇਈਏ ਕਿ ਮੱਧ ਪ੍ਰਦੇਸ਼ ‘ਚ 2012 ਵਿਚ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਸ਼ੁਰੂ ਕੀਤੀ ਸੀ। ਹੁਣ ਤੱਕ 782 ਵਿਸ਼ੇਸ਼ ਟਰੇਨਾਂ ਵਿਚ 7 ਲੱਖ 82 ਹਜ਼ਾਰ ਬਜ਼ੁਰਗ ਤੀਰਥ ਯਾਤਰਾ ਕਰ ਚੁੱਕੇ ਹਨ। ਹੁਣ ਮੱਧ ਪ੍ਰਦੇਸ਼ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ, ਜੋ ਬਜ਼ੁਰਗਾਂ ਨੂੰ ਹਵਾਈ ਜਹਾਜ਼ ਤੋਂ ਤੀਰਥ ਯਾਤਰਾ ਕਰਵਾ ਰਿਹਾ ਹੈ।

Leave a Reply

Your email address will not be published. Required fields are marked *