ਪਿਓ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ ਵੇਲੇ ਮ੍ਰਿਤਕ ਦੇਹ ਨਾਲ ਲਿਪਟ ਭੁੱਬਾਂ ਮਾਰ ਰੋਏ ਪੁੱਤ ਸੁਖਬੀਰ ਬਾਦਲ


ਸ੍ਰੀ ਮੁਕਤਸਰ ਸਾਹਿਬ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 25 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਉਨ੍ਹਾਂ ਵੱਲੋਂ ਲਗਾਏ ਗਏ ਕਿੰਨੂਆਂ ਦੇ ਜੱਦੀ ਬਾਗ ਵਿਚ ਕੀਤਾ ਜਾ ਰਿਹਾ ਹੈ। ਅੰਤਿਮ ਵਿਦਾਈ ਵੇਲੇ ਗਮਗੀਨ ਮਾਹੌਲ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਪੁੱਤ ਸੁਖਬੀਰ ਸਿੰਘ ਬਾਦਲ ਭੁੱਬਾਂ ਮਾਰ ਰੋ ਪਏ। ਇਸ ਦੌਰਾਨ ਨੂੰਹ ਹਰਸਿਮਰਤ ਕੌਰ ਬਾਦਲ ਅਤੇ ਹੋਰ ਪਰਿਵਾਰਕ ਮੈਂਬਰ ਵੀ ਮ੍ਰਿਤਕ ਦੇਹ ਨਾਲ ਲਿਪਟ ਕੇ ਭੁੱਬਾਂ ਮਾਰ ਰੋਂਦੇ ਨਜ਼ਰ ਆਏ।

ਬਾਬਾ ਬੋਹੜ ਮੰਨੇ ਜਾਣ ਵਾਲੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ ਵੇਲੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਹੜ੍ਹ ਆਇਆ। ਇਸ ਤੋਂ ਪਹਿਲਾਂ ਸਵੇਰੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ਵਿੱਚ ਰੱਖਿਆ ਗਿਆ ਸੀ। ਅੰਤਿਮ ਸੰਸਕਾਰ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬੀ. ਐੱਲ. ਪੁਰੋਹਿਤ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਐੱਨ. ਸੀ. ਪੀ. ਮੁਖੀ ਸ਼ਰਦ ਪਵਾਰ ਵੀ ਸ਼ਰਧਾਂਜਲੀ ਦੇਣ ਲਈ ਇੱਥੇ ਪੁੱਜੇ।

ਜ਼ਿਕਰਯੋਗ ਹੈ ਕਿ 95 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਕਰੀਬ 8.45 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ। ਸਾਹ ਦੀ ਤਕਲੀਫ਼ ਤੋਂ ਬਾਅਦ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

Leave a Reply

Your email address will not be published. Required fields are marked *