ਜਲੰਧਰ- ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰਾ ਹੋਣ ਮਗਰੋਂ ਅੱਜ ਈਦ-ਉੱਲ-ਫਿਤਰ ਦਾ ਤਿਉਹਾਰ ਦੇਸ਼ ਭਰ ਵਿਚ ਮਨਇਆ ਜਾ ਰਿਹਾ ਹੈ। ਈਦ ਮੌਕੇ ਦੇਸ਼ ਭਰ ਦੀਆਂ ਮਸਜ਼ਿਦਾਂ ‘ਚ ਰੌਣਕਾਂ ਲੱਗੀਆਂ ਹਨ। ਜਲੰਧਰ ਵਿਚ ਵੀ ਈਦ-ਉੱਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਨਮਾਜ਼ ਅਦਾ ਕਰਨ ਲਈ ਜਲੰਧਰ ਸਥਿਤ ਮਸਜ਼ਿਦਾਂ ਵਿਚ ਵੀ ਲੋਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ। ਈਦ ਦੇ ਮੁਬਾਰਕ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ ਅਤੇ ਇਸ ਤੋਂ ਬਾਅਦ ਇਕ-ਦੂਜੇ ਨੂੰ ਗਲੇ ਲਾ ਕੇ ਈਦ ਮੁਬਾਰਕ ਕਿਹਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਈਦ-ਉੱਲ-ਫ਼ਿਤਰ ਦੇ ਪਵਿੱਤਰ ਮੌਕੇ ‘ਤੇ ਜਲੰਧਰ ਦੇ ਗੁਲਾਬ ਦੇਵੀ ਰੋਡ ਦਰਗਾਹ ਵਿਖੇ ਪੁੱਜੇ ਸਨ। ਇਸ ਮੌਕੇ ਉਨ੍ਹਾਂ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਵਧਾਈ ਦਿੱਤੀ ਗਈ। ਮੁੱਖ ਮੰਤਰੀ ਮਾਨ ਦੇ ਨਾਲ ਸੁਸ਼ੀਲ ਰਿੰਕੂ, ਬਲਕਾਰ ਸਿੰਘ ਅਤੇ ਹੋਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਵੀ ਵੱਡੀ ਗਿਣਤੀ ‘ਚ ਹਾਜ਼ਰ ਰਹੇ। ਮੁੱਖ ਮੰਤਰੀ ਮਾਨ ਵੱਲੋਂ ਈਦ-ਉੱਲ-ਫ਼ਿਤਰ ਦੇ ਪਵਿੱਤਰ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਗਈ ਹੈ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਤਿਉਹਾਰਾਂ ਦੇ ਨਾਵਾਂ ‘ਚ ਵੀ ਇਕ-ਦੂਜੇ ਦੇ ਦੇਵਤਿਆਂ ਦੇ ਨਾਂ ਹਨ ਤਾਂ ਫਿਰ ਪਰਮਾਤਮਾ ਨੂੰ ਕਿਵੇਂ ਵੰਡਿਆ ਜਾ ਸਕਦਾ ਹੈ ਅਤੇ ਸਾਰੇ ਆਪਣੇ ਹੀ ਹਨ। ਕੋਈ ਵੀ ਧਰਮ ਵੱਖ ਹੋਣ ਦਾ ਸੁਨੇਹਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਦੀ ਨਮਾਜ਼ ‘ਚ ਲੋਕਾਂ ਲਈ ਦੁਆਵਾਂ ਹਨ ਅਤੇ ਹਿੰਦੂ ਧਰਮ ਦੀ ਆਰਤੀ ‘ਚ ਵੀ ਲੋਕਾਂ ਲਈ ਅਰਦਾਸ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਤਾਂ ਸਿਰਫ਼ ਲੋਕਾਂ ਨੇ ਹੀ ਬਚਾ ਰੱਖੇ ਹਨ, ਜੇਕਰ ਇਹ ਲੀਡਰਾਂ ਦੇ ਵੱਸ ਪੈ ਜਾਂਦੇ ਤਾਂ ਉਨ੍ਹਾਂ ਨੇ ਤਕਰਾਰ ਦੀਆਂ ਹੋਰ ਵੀ ਗੂੜ੍ਹੀਆਂ ਲਾਈਨਾਂ ਖਿੱਚ ਦੇਣੀਆਂ ਸੀ।
ਦੱਸਣਯੋਗ ਹੈ ਕਿ ਇਸਲਾਮਿਕ ਕਲੰਡਰ ਮੁਤਾਬਕ ਰਮਜ਼ਾਨ ਦਾ ਪਵਿੱਤਰ ਮਹੀਨਾ ਖ਼ਤਮ ਹੋਣ ਮਗਰੋਂ ਈਦ-ਉੱਲ-ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ਦੀ ਸ਼ੁਰੂਆਤ ਸਵੇਰੇ ਨਮਾਜ਼ ਨਾਲ ਹੋ ਜਾਂਦੀ ਹੈ। ਸਵੇਰੇ-ਸਵੇਰੇ ਹੀ ਨਮਾਜ਼ ਅਦਾ ਕਰਨ ਲਈ ਮਸਜ਼ਿਦਾਂ ਵਿਚ ਲੋਕਾਂ ਦੀ ਭੀੜ ਉਮੜੀ। ਰਮਜ਼ਾਨ ਦੀ ਸ਼ੁਰੂਆਤ ਪਿਛਲੇ ਮਹੀਨੇ 24 ਮਾਰਚ ਨੂੰ ਹੋਈ ਸੀ। 24 ਮਾਰਚ ਤੋਂ ਸ਼ੁਰੂ ਹੋਏ ਰਮਜ਼ਾਨ ਮਹੀਨੇ ਦਾ ਆਖ਼ਰੀ ਜੁਮਾ 21 ਅਪ੍ਰੈਲ ਨੂੰ ਸੀ। ਜੁਮੇ ਦੇ ਦਿਨ ਅਲਵਿਦਾ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ।