ਗੁਹਲਾ ਚੀਕਾ- ਜ਼ਮੀਨੀ ਵਿਵਾਦ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਚੀਕਾ ਸ਼ਹਿਰ ’ਚ ਸਥਿਤ ਇਕ ਮਕਾਨ ’ਤੇ ਪੰਜਾਬ ਪੁਲਸ ਨੇ ਘੇਰਾ ਪਾਇਆ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਅਤੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਬੰਦੀ ਬਣਾ ਲਿਆ। ਪੁਲਸ ਦਾ ਕਹਿਣਾ ਸੀ ਕਿ ਉਕਤ ਲੋਕਾਂ ਖ਼ਿਲਾਫ਼ ਪਟਿਆਲਾ ਦੇ ਤ੍ਰਿਪੜੀ ਥਾਣੇ ’ਚ ਮਾਮਲਾ ਦਰਜ ਹੈ, ਜਿਸ ਕਾਰਨ ਉਹ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਆਏ ਹਨ ਪਰ ਮੁਲਜ਼ਮਾਂ ਦੀ ਦਲੀਲ ਸੀ ਕਿ ਪੰਜਾਬ ਪੁਲਸ ਵੱਲੋਂ ਸਥਾਨਕ ਪੁਲਸ ਤੋਂ ਬਿਨਾਂ ਗ੍ਰਿਫ਼ਤਾਰੀ ਕਰਨ ਦਾ ਯਤਨ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ।
ਮਾਮਲਾ ਵਿਗੜਦਾ ਵੇਖ ਕੇ ਪੰਜਾਬ ਪੁਲਸ ਨੇ ਸਥਾਨਕ ਪੁਲਸ ਤੋਂ ਮਦਦ ਮੰਗੀ ਤਾਂ ਐੱਸ. ਐੱਚ. ਓ. ਚੀਕਾ ਸ਼ਿਵ ਕੁਮਾਰ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਿਆ। ਸਥਾਨਕ ਪੁਲਸ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਛੁਡਵਾਇਆ ਅਤੇ ਦੋਵਾਂ ਧਿਰਾਂ ਨੂੰ ਥਾਣੇ ’ਚ ਲਿਜਾਇਆ ਗਿਆ ਜਿੱ ਥੇ ਪੰਜਾਬ ਪੁਲਸ ਨੇ ਗ਼ਲਤੀ ਮੰਨੀ ਅਤੇ ਦੋਵਾਂ ਧਿਰਾਂ ’ਚ ਸਮਝੌਤਾ ਹੋ ਗਿਆ।
ਪੰਜਾਬ ਪੁਲਸ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਅਮਰੀਕ ਸਿੰਘ ਸਮੇਤ ਕੁਝ ਲੋਕਾਂ ’ਤੇ ਤ੍ਰਿਪੜੀ ਥਾਣੇ ’ਚ ਇਕ ਜ਼ਮੀਨੀ ਝਗੜੇ ’ਚ ਮਾਮਲਾ ਦਰਜ ਹੈ, ਜਿਸ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਹ ਆਏ ਸਨ। ਇਸ ਸਬੰਧੀ ਉਨ੍ਹਾਂ ਚੀਕਾ ਥਾਣੇ ’ਚ ਸੂਚਨਾ ਦਿੱਤੀ ਸੀ ਪਰ ਪੁਲਸ ਦੇ ਰੁੱਝੀ ਹੋਈ ਹੋਣ ਕਾਰਨ ਸਥਾਨਕ ਪੁਲਸ ਦਾ ਕੋਈ ਵੀ ਮੁਲਾਜ਼ਮ ਉਨ੍ਹਾਂ ਦੇ ਨਾਲ ਨਹੀਂ ਗਿਆ, ਜਿਸ ਦਾ ਉਨ੍ਹਾਂ ਵਿਰੋਧ ਕੀਤਾ ਸੀ।
ਸਥਾਨਕ ਪੁਲਸ ਦੇ ਆਉਣ ਤੋਂ ਬਾਅਦ ਪੰਚਾਇਤ ਪੱਧਰ ’ਤੇ ਮੁਲਜ਼ਮਾਂ ਨੂੰ ਤਫਤੀਸ਼ ’ਚ ਸ਼ਾਮਲ ਹੋਣ ਲਈ 10 ਦਿਨ ਦਾ ਨੋਟਿਸ ਦੇ ਦਿੱਤਾ ਗਿਆ ਅਤੇ ਵਿਵਾਦ ਪੂਰੀ ਤਰ੍ਹਾਂ ਨਜਿੱਠਿਆ ਗਿਆ।