ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਅੱਜ ਤਲਬ ਕੀਤਾ ਗਿਆ ਹੈ। ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਲਈ ਛੁੱਟੀ ਵਾਲੇ ਦਿਨ ਵੀ ਸਪੈਸ਼ਲ ਦਫ਼ਤਰ ਖੁੱਲ੍ਹ ਰਹੇ ਹਨ ਅਤੇ ਉਹ ਇਹ ਸਭ ਆਪਣੇ ਸਰੀਰ ‘ਤੇ ਸਹਿਣਗੇ। ਉਨ੍ਹਾਂ ਕਿਹਾ ਕਿ ਮੈਂ ਇਕੱਲਾ ਹੀ ਵਿਜੀਲੈਂਸ ਦਫ਼ਤਰ ਜਾਵਾਂਗਾ ਅਤੇ ਭਾਵੇਂ ਉਨ੍ਹਾਂ ਨੂੰ ਬਿਠਾਉਣ, ਕੁੱਟਣ, ਮਾਰਨ, ਜੇਲ੍ਹ ‘ਚ ਭੇਜਣ, ਜੋ ਵੀ ਕਰਨਾ ਹੈ ਕਰ ਲੈਣ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਫੜ੍ਹਿਆ ਵੀ ਜਾ ਸਕਦਾ ਹੈ, ਜੇਲ੍ਹ ‘ਚ ਭੇਜਿਆ ਜਾ ਸਕਦਾ ਹੈ ਅਤੇ ਇਕ ਨਾ ਇਕ ਦਿਨ ਉਨ੍ਹਾਂ ਨੂੰ ਜਾਨ ਤੋਂ ਵੀ ਮਾਰਿਆ ਵੀ ਜਾ ਸਕਦਾ ਹੈ ਪਰ ਉਹ ਇਸ ਸਭ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਬਚਪਨ ਤੋਂ ਸੰਘਰਸ਼ ਕਰਦਾ ਆ ਰਿਹਾ ਹਾਂ। ਮੈਨੂੰ ਰੋਜ਼ ਨੋਟਿਸ ਮਿਲ ਰਹੇ ਹਨ ਪਰ ਮੇਰੇ ਕੋਲ ਕੋਈ ਪ੍ਰਾਪਰਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਕਚਹਿਰੀ ‘ਚ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਹਾਲਤ ਕੀ ਹੈ, ਅੱਜ ਵੀ ਘਰ ਅਖੰਡ ਪਾਠ ਰੱਖਿਆ ਹੋਇਆ ਹੈ। ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਕਦੇ ਕਿਸੇ ਕੋਲੋਂ ਪੈਸਾ ਨਹੀਂ ਲਿਆ। ਜੇਕਰ ਅਜਿਹਾ ਕੁੱਝ ਸਾਬਿਤ ਹੁੰਦਾ ਹੈ ਤਾਂ ਉਨ੍ਹਾਂ ਨੂੰ ਫ਼ਾਂਸੀ ‘ਤੇ ਟੰਗ ਦਿੱਤਾ ਜਾਵੇ। ਉਨ੍ਹਾਂ ਨੂੰ ਬਦਨਾਮ ਕਰਨ ਲਈ ਝੂਠੇ ਕੇਸਾਂ ‘ਚ ਫ਼ਸਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਕਿੰਨੀ ਦੇਰ ਅੰਦਰ ਰੱਖ ਲੈਣਗੇ। ਮੈਂ ਤਾਂ ਅੱਜ ਖ਼ੁਦ ਜਾਂ ਕੇ ਕਹਾਂਗਾ ਕਿ ਅੰਦਰ ਕਰਨ ਨਾਲ ਨੀ ਸਰਨਾ, ਮੈਨੂੰ ਸਿੱਧਾ ਗੋਲੀ ਮਾਰ ਦਿਓ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੰਨੀ ਨੂੰ ਬੀਤੇ ਮੰਗਲਵਾਰ ਸੱਦਿਆ ਗਿਆ ਸੀ ਪਰ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਉਣ ’ਚ ਅਸਮਰੱਥਤਾ ਪ੍ਰਗਟਾਈ ਸੀ। ਇਸ ਤੋਂ ਬਾਅਦ ਚੰਨੀ ਨੇ ਆਗਾਮੀ 20 ਅਪ੍ਰੈਲ ਨੂੰ ਆਉਣ ਦੀ ਗੱਲ ਕਹੀ ਸੀ ਪਰ ਵਿਜੀਲੈਂਸ ਬਿਊਰੋ ਨੇ ਹੁਣ ਇਕ ਨਵਾਂ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ ਅੱਜ ਨੂੰ ਪੇਸ਼ ਹੋਣ ਲਈ ਕਿਹਾ ਹੈ।