ਪੰਜਾਬ ਸਰਕਾਰ ਦਾ ਨਵਾਂ ਉਪਰਾਲਾ, ਸੂਬੇ ਦੇ ਇਨ੍ਹਾਂ 4 ਸ਼ਹਿਰਾਂ ‘ਚ ਜਲਦ ਸ਼ੁਰੂ ਹੋਵੇਗੀ ‘CM ਦੀ ਯੋਗਸ਼ਾਲਾ’


ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੀ ਪਰੰਪਰਾ ਅਤੇ ਵਿਰਾਸਤ ਤੇ ਪੰਜਾਬੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਅਹਿਮ ਫ਼ੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਜਲਦ ਹੀ ਸੂਬੇ ਦੇ 4 ਸ਼ਹਿਰਾਂ ‘ਚ ‘ਸੀ. ਐੱਮ. ਦੀ ਯੋਗਸ਼ਾਲਾ’ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਯੋਗ ਦੀ ਮੁਫ਼ਤ ਸਿਖਲਾਈ ਲਈ ਸਿੱਖਿਅਕ ਭੇਜੇ ਜਾਣਗੇ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਯੋਗ ਸਾਡੀ ਦੇਸ਼ ਦੀ ਪਰੰਪਰਾ ਤੇ ਵਿਰਾਸਤ ਦਾ ਹਿੱਸਾ ਹੈ, ਜਿਸ ਨੂੰ ਅਸੀਂ ਦਿਨ-ਬ-ਦਿਨ ਭੁੱਲਦੇ ਜਾ ਰਹੇ ਹਾਂ। ਮੈਂ ਵੀ ਸਵੇਰੇ ਯੋਗਾ ਕਰਦਾ ਹਾਂ ਅਤੇ ਇਸ ਦੇ ਕਈ ਲਾਭ ਹਨ ਪਰ ਅੱਜ-ਕੱਲ੍ਹ ਸਾਡੀ ਵਿਅਸਤ ਜ਼ਿੰਦਗੀ ‘ਚ ਯੋਗ ਗਾਇਬ ਹੋ ਗਿਆ ਹੈ। ਪੰਜਾਬ ਸਰਕਾਰ ਧਿਆਨ ਲਗਾਉਣ ਦੀ ਪਰੰਪਰਾ ਅਤੇ ਯੋਗਾ ਨੂੰ ਮੁੜ ਤੋਂ ਲੋਕ ਲਹਿਰ ਬਣਾਉਣਾ ਚਾਹੁੰਦੀ ਹੈ।

ਮੁੱਖ ਮੰਤਰੀ ਮਾਨ ਨੇ ਆਖਿਆ ਕਿ ਯੋਗ ਨੂੰ ਮੁੜ ਤੋਂ ਇਕ ਲਹਿਰ ਬਣਾਉਣ ਲਈ ਸੂਬਾ ਸਰਕਾਰ ‘ਸੀ. ਐੱਮ. ਦੀ ਯੋਗਸ਼ਾਲਾ’ ਸ਼ੁਰੂ ਕਰ ਰਹੀ ਹੈ। ਇਸ ਦੇ ਤਹਿਤ ਪੰਜਾਬ ਦੇ 4 ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਤੇ ਪਟਿਆਲਾ ‘ਚ ਜੇਕਰ ਕੋਈ ਵੀ ਮੁਹੱਲੇ ਦਾ ਪਾਰਕ ਜਾਂ ਕੋਈ ਵੀ ਸਾਂਝੀ ਥਾਂ ‘ਤੇ ਯੋਗਾ ਕਰਨਾ ਜਾਂ ਸਿੱਖਣਾ ਚਾਹੁੰਦਾ ਹੈ, ਉੱਥੇ ਸਰਕਾਰ ਮੁਫ਼ਤ ‘ਚ ਯੋਗਾ ਸਿੱਖਿਅਕ ਭੇਜੇ ਜਾਣਗੇ, ਜੋ ਲੋਕਾਂ ਨੂੰ ਯੋਗਾ ਤੇ ਧਿਆਨ ਲਗਾਉਣਾ ਸਿਖਾਉਂਣਗੇ ਤਾਂ ਜੋ ਇਸ ਰਾਹੀਂ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਦਾ ਹੱਲ ਕਰ ਸਕੀਏ। ਇਸ ਲਈ ਜਲਦ ਹੀ 4 ਸ਼ਹਿਰਾਂ ਦੇ ਹਰ ਮੁਹੱਲੇ ‘ਚ ਯੋਗਾ ਦੀ ਟ੍ਰੇਨਿੰਗ ਮਿਲੇਗੀ ਤੇ ਹਰ ਮੁਹੱਲੇ ‘ਚ ਸੀ. ਐੱਮ. ਦੀ ਯੋਗਸ਼ਾਲਾ ਹੋਵੇਗੀ।

Leave a Reply

Your email address will not be published. Required fields are marked *