ਅਜਨਾਲਾ – ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਅਜਨਾਲਾ ਕਾਂਡ ‘ਚ ਦਰਜ ਹੋਏ ਮਾਮਲੇ ‘ਚ ਸ਼ਾਮਲ 11 ਵਿਅਕਤੀਆਂ ਨੂੰ ਅੱਜ ਅਜਨਾਲਾ ਦੀ ਮਾਣਯੋਗ ਅਦਾਲਤ ‘ਚ ਭਾਰੀ ਸੁਰੱਖਿਆ ਹੇਠ ਪੇਸ਼ ਕੀਤਾ ਗਿਆ। ਜਿਸ ਦੌਰਾਨ ਮਾਨਯੋਗ ਅਦਾਲਤ ਵੱਲੋਂ 10 ਵਿਅਕਤੀਆਂ ਨੂੰ 6 ਅਪ੍ਰੈਲ ਤੱਕ ਜੁਡੀਸ਼ੀਅਲ ਕਸਟਡੀ ਵਿਚ ਭੇਜ ਦਿੱਤਾ ਗਿਆ ਅਤੇ ਇਕ ਵਿਅਕਤੀ ਸੁਖਪ੍ਰੀਤ ਸਿੰਘ ਮਰੜੀ ਕਲਾਂ ਨੂੰ ਚਾਰ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਰੀਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਅਜਨਾਲਾ ਮਾਮਲੇ ‘ਚ ਸ਼ਾਮਲ ਅੰਮ੍ਰਿਤਪਾਲ ਸਿੰਘ ਦੇ 11 ਸਾਥੀਆਂ ਨੂੰ ਅੱਜ ਅਜਨਾਲਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ 10 ਵਿਅਕਤੀਆਂ ਨੂੰ 6 ਅਪ੍ਰੈਲ ਤੱਕ ਜੁਡੀਸ਼ੀਅਲ ਕਸਟਡੀ ਵਿਚ ਭੇਜ ਦਿੱਤਾ ਗਿਆ ਹੈ। ਜਦ ਕਿ ਇਸ ਮਾਮਲੇ ‘ਚ ਮੈਡੀਕਲ ਦੌਰਾਨ ਇਨ੍ਹਾਂ ‘ਚੋਂ ਦੋ ਵਿਅਕਤੀ ਐੱਚ. ਆਈ. ਵੀ. ਪੀੜਤ ਪਾਏ ਗਏ ਹਨ, ਜਿਨ੍ਹਾਂ ਦਾ ਹੁਣ ਸਰਕਾਰ ਤੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਇਲਾਜ ਕਰਵਾਇਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ‘ਚ ਸ਼ਾਮਲ ਇਕ ਵਿਅਕਤੀ ਸੁਖਪ੍ਰੀਤ ਸਿੰਘ ਮਰੜੀ ਕਲਾਂ ਤੋਂ ਉਸ ਘਟਨਾ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ, ਗੱਡੀਆਂ ਅਤੇ ਹੋਰ ਰਵਾਇਤੀ ਹਥਿਆਰਾਂ ਸਬੰਧੀ ਪੁੱਛਗਿੱਛ ਕਰਨ ਲਈ ਪੁਲਸ ਵੱਲੋਂ 6 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਉਸ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ।