ਚੰਡੀਗੜ੍ਹ- ਇੰਡਸਟ੍ਰੀਅਲ ਏਰੀਆ ਵਿਚ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਦਵਿੰਦਰ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ’ਤੇ ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ। ਸ਼ੂਟਰ ਨੀਰਜ ਖ਼ਿਲਾਫ ਹੁਣ ਜ਼ਿਲ੍ਹਾ ਅਦਾਲਤ ਵਿਚ ਟ੍ਰਾਇਲ ਚੱਲੇਗਾ। ਗੁਰਲਾਲ ਦਾ 10 ਅਕਤੂਬਰ 2020 ਨੂੰ ਇੰਡਸਟ੍ਰੀਅਲ ਏਰੀਆ ਫੇਜ਼-1 ਵਿਚ ਦੇਰ ਸ਼ਾਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਮੋਟਰਸਾਈਕਲ ’ਤੇ ਸਨ। ਪੁਲਸ ਕੇਸ ਮੁਤਾਬਕ ਬੰਬੀਹਾ ਗੈਂਗ ਦੇ ਮੈਂਬਰਾਂ ਨੇ ਇਹ ਕਤਲ ਕੀਤਾ ਸੀ। ਸਿਟੀ ਇੰਪੋਰੀਅਮ ਮਾਲ ਦੇ ਸਾਹਮਣੇ ਇਹ ਕਤਲ ਹੋਇਆ ਸੀ। ਪੁਲਸ ਨੇ ਚਸਕਾ ਖ਼ਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਰਜ ਕੀਤੀ ਸੀ। ਉਸ ਖ਼ਿਲਾਫ ਕਤਲ, ਅਪਰਾਧਿਕ ਸਾਜਿਸ਼ ਰਚਨ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਲਾਈਆਂ ਸਨ।
ਇਸ ਕਤਲਕਾਂਡ ਵਿਚ ਪਹਿਲਾਂ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿਚ ਗੁਰਵਿੰਦਰ ਸਿੰਘ ਉਰਫ ਢਾਡੀ, ਗੁਰਮੀਤ ਸਿੰਘ ਉਰਫ ਗੀਤਾ, ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਚਮਕੌਰ ਸਿੰਘ ਬੈਂਤ ਸ਼ਾਮਲ ਹਨ। ਇਨ੍ਹਾਂ ਖਿਲਾਫ ਪਹਿਲਾਂ ਹੀ ਚਾਰਜਸ਼ੀਟ ਸੌਂਪੀ ਜਾ ਚੁੱਕੀ ਹੈ।