ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ’ਤੇ ਕਾਰਵਾਈ ਤੋਂ ਬਾਅਦ ਉਸ ਦੇ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਸਾਥੀਆਂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਖੁਫ਼ੀਆਂ ਏਜੰਸੀਆਂ ਦੇ ਇਨਪੁੱਟ ਤੋਂ ਬਾਅਦ ਹੀ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਵਿਚ ਨਾ ਰੱਖ ਕੇ ਅਸਾਮ ਦੀ ਜੇਲ੍ਹ ਵਿਚ ਭੇਜਿਆ ਗਿਆ ਹੈ। ਖ਼ੁਫੀਆ ਏਜੰਸੀਆਂ ਨੇ ਇਨਪੁੱਟ ਦਿੱਤਾ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿਚ ਰੱਖਿਆ ਜਾਂਦਾ ਹੈ ਤਾਂ ਜੇਲ੍ਹ ਬ੍ਰੇਕ ਕਾਂਡ ਵਾਪਰ ਸਕਦਾ ਹੈ, ਇਸ ਤੋਂ ਇਲਾਵਾ ਅਜਨਾਲਾ ਵਰਗੀ ਘਟਨਾ ਨੂੰ ਵੀ ਅੰਜਾਮ ਦਿਵਾ ਕੇ ਇਨ੍ਹਾਂ ਨੂੰ ਛੁਡਵਾਇਆ ਜਾ ਸਕਦਾ ਹੈ। ਇਸ ਇਨਪੁੱਟ ਤੋਂ ਬਾਅਦ ਹੀ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਹੈ।
ਯਾਦ ਰਹੇ ਕਿ 23 ਫਰਵਰੀ ਨੂੰ ਅੰਮ੍ਰਿਤਪਾਲ ਸਿੰਘ ਦੇ ਹਜ਼ਾਰਾਂ ਸਮਰਥਕ ਅਜਨਾਲਾ ਦੇ ਥਾਣੇ ਵਿਚ ਜ਼ਬਰਨ ਦਾਖਲ ਹੋ ਗਏ ਸਨ ਅਤੇ ਆਪਣੇ ਉਸ ਸਾਥੀ ਨੂੰ ਛੁਡਵਾ ਕੇ ਲੈ ਗਏ ਸਨ ਜਿਸ ਨੂੰ ਅਗਵਾ ਅਤੇ ਕੁੱਟਮਾਰ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਹਿੰਸਕ ਝੜਪ ਦੌਰਾਨ ਕਈ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਸਨ। ਸੂਤਰਾਂ ਮੁਤਾਬਕ ਇਸ ਘਟਨਾ ਦੇ ਮੱਦੇਨਜ਼ਰ ਖੁਫ਼ੀਆ ਏਜੰਸੀ ਵਲੋਂ ਨਾ ਸਿਰਫ ਪੰਜਾਬ ਪੁਲਸ ਦੇ ਆਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸਗੋਂ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਵਿਚ ਨਾ ਰੱਖ ਕੇ ਦੇਸ਼ ਦੀ ਕਿਸੇ ਹੋਰ ਜੇਲ੍ਹ ਵਿਚ ਸ਼ਿਫਟ ਕਰਨ ਦੀ ਸਿਫਾਰਸ਼ ਵੀ ਕੀਤੀ ਗਈ।
ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿਚ ਰੱਖਿਆ ਜਾਂਦਾ ਹੈ ਤਾਂ ਉਹ ਜੇਲ੍ਹ ਵਿਚੋਂ ਹੀ ਆਪਣੀਆਂ ਗਤੀਵਿਧੀਆਂ ਜਾਰੀ ਤਾਂ ਰੱਖਣਗੇ ਹੀ ਇਸ ਦੇ ਨਾਲ ਹੀ ਉਹ ਜੇਲ੍ਹ ਵਿਚ ਬੰਦ ਦੂਜੇ ਕੈਦੀਆਂ ਨੂੰ ਵੀ ਭੜਕਾ ਕੇ ਅਨੰਦਪੁਰ ਖਾਲਸਾ ਫੋਰਸ ਦਾ ਮੈਂਬਰ ਬਣਾ ਸਕਦੇ ਹਨ। ਅਨੰਦਪੁਰ ਖਾਲਸਾ ਫੋਰਸ ਦੇ ਨਾਂ ਹੇਠ ਨਾ ਸਿਰਫ ਨੌਜਵਾਨ ਨੂੰ ਭੜਕਾਇਆ ਜਾ ਰਿਹਾ ਹੈ ਸਗੋਂ ਪੰਜਾਬ ਸਰਕਾਰ ਦੇ ਗੰਨ ਕਲਚਰ ਖ਼ਿਲਾਫ਼ ਦਿੱਤੇ ਹੁਕਮਾਂ ਦੀਆਂ ਸ਼ਰੇਆਮ ਹਥਿਆਰਾਂ ਦੀ ਨੁਮਾਇਸ਼ ਕਰਕੇ ਧੱਜੀਆਂ ਉਡਾ ਰਹੇ ਹਨ ਸਗੋਂ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖਲਾਈ ਵੀ ਦੇ ਰਹੇ ਹਨ। ਇਸ ਤੋਂ ਇਲਾਵਾ ਇਹ ਜਥੇਬੰਦੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੀ ਖ਼ਤਰਾ ਪੈਦਾ ਕਰ ਰਹੀ ਹੈ। ਖ਼ੁਫੀਆ ਏਜੰਸੀਆਂ ਦੀ ਇਸ ਇਨਪੁੱਟ ਤੋਂ ਬਾਅਦ ਹੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਡਿਬਰੂਗ਼ੜ੍ਹ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਹੈ।