ਮਾਨਸਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨ ਮਾਨਸਾ ਦੇ ਕੋਟਲੀ ਕਲਾਂ ਵਿਖੇ ਕਤਲ ਕੀਤੇ 6 ਸਾਲਾ ਮਾਸੂਮ ਹਰਉਦੈਵੀਰ ਸਿੰਘ ਦੇ ਪੀੜਤ ਪਰਿਵਾਰ ਨਾਲ ਦੁੱਖ਼ ਵੰਡਾਉਣ ਪਹੁੰਚੇ। ਇਸ ਮੌਕੇ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬੇਕਾਬੂ ਹੋ ਚੁੱਕੀ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਈ ਵੱਸ ਦੀ ਗੱਲ ਨਹੀਂ ਰਹੀ। ਇਸ ਲਈ ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ ’ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਗੈਂਗਸਟਰਾਂ ਦਾ ਰਾਜ ਹੈ। ਪੰਜਾਬ ਦੇ ਲੋਕ ਇਸ ਲਈ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿ ਸ਼ਰੇਆਮ ਬਦਮਾਸ਼ਾਂ ਵੱਲੋਂ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਹੈ। ਇਸ ਵੇਲੇ ਪੰਜਾਬ ਅੰਦਰ ਅਪਰਾਧੀ ਲੋਕ ਬੇਖ਼ੌਫ ਪੰਜਾਬ ਦੀਆਂ ਸੜਕਾਂ ਤੇ ਗਲੀਆਂ ’ਚ ਘੁੰਮ ਰਹੇ ਹਨ ਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਜਿਵੇਂ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਹੈ।
ਇਸ ਮੌਕੇ ਪ੍ਰੇਮ ਕੁਮਾਰ ਅਰੋੜਾ, ਆਤਮਜੀਤ ਸਿੰਘ ਕਾਲਾ, ਜੁਗਰਾਜ ਸਿੰਘ ਰਾਜੂ ਦੁਰਾਕਾ, ਗੁਰਪ੍ਰੀਤ ਸਿੰਘ ਚਹਿਲ, ਰੇਸ਼ਮ ਸਿੰਘ ਬਣਾਂਵਾਲੀ, ਗੁਰਵਿੰਦਰ ਸਿੰਘ ਤਲਵੰਡੀ ਅਕਲੀਆ, ਜਸਵਿੰਦਰ ਸਿੰਘ ਚਕੇਰੀਆਂ, ਸਮਾਜ ਸੇਵੀ ਮਿੱਠੂ ਕਵਾੜੀਆ, ਗੁਰਮੇਲ ਸਿੰਘ ਫਫੜੇ, ਜਸਵਿੰਦਰ ਸਿੰਘ ਤਾਮਕੋਟ, ਅਵਤਾਰ ਸਿੰਘ ਰਾੜਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।