ਇੰਦੌਰ- ਇੰਦੌਰ ਦੇ ਹੋਲਕਰ ਸਟੇਡੀਅਮ ਦੀ ਟਰਨ ਲੈਂਦੀ ਪਿੱਚ ‘ਤੇ ਆਸਟ੍ਰੇਲੀਆ ਨੇ ਬਾਰਡਰ-ਗਾਵਸਕਰ ਦੇ ਤੀਜੇ ਟੈਸਟ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਨੇ ਜਿੱਤ ਲਈ ਮਿਲੇ 76 ਦੌੜਾਂ ਦੇ ਟੀਚੇ ਨੂੰ 18.5 ਓਵਰਾਂ ਵਿਚ ਇਕ ਵਿਕਟ ਨਾਲ ਗਵਾ ਕੇ ਹਾਸਲ ਕਰ ਲਿਆ। ਟੀਮ ਲਈ ਟ੍ਰੈਵਿਸ ਹੈਡ ਨੇ ਦੂਜੀ ਪਾਰੀ ਵਿਚ ਸਭ ਤੋਂ ਵੱਧ ਨਾਬਾਦ 49 ਦੌੜਾਂ ਬਣਾਈਆਂ। ਮਾਰਨਸ ਲਾਬੂਸ਼ੇਨ ਨੇ ਨਾਬਾਦ 28 ਦੌੜਾਂ ਦਾ ਯੋਗਦਾਨ ਦਿੱਤਾ। ਇਸ ਮੁਕਾਬਲੇ ਨੂੰ ਗਵਾਉਣ ਦੇ ਬਾਅਦ ਵੀ 4 ਮੈਚਾਂ ਦੀ ਸੀਰੀਜ਼ ਵਿਚ ਭਾਰਤੀ ਟੀਮ 2-1 ਨਾਲ ਅੱਗੇ ਹੈ।
ਆਸਟ੍ਰੇਲੀਆ ਦੇ ਦਿੱਗਜ ਸਪਿਨਰ ਨਾਥਨ ਲਿਓਨ ਨੇ ਵੀਰਵਾਰ ਨੂੰ ਹੀ ਭਾਰਤ ਦੀ ਦੂਜੀ ਪਾਰੀ ‘ਚ ਅੱਠ ਵਿਕਟਾਂ ਲੈ ਕੇ ਮੈਚ ਨੂੰ ਆਸਟ੍ਰੇਲੀਆ ਦੇ ਹੱਕ ‘ਚ ਕਰ ਦਿੱਤਾ ਸੀ, ਜਿਸ ‘ਤੇ ਟ੍ਰੈਵਿਸ ਅਤੇ ਮਾਰਨਸ ਦੀ ਜੋੜੀ ਨੇ ਸੰਜਮ ਨਾਲ ਬੱਲੇਬਾਜ਼ੀ ਕਰਦੇ ਹੋਏ ਅੱਜ ਮੈਚ ‘ਤੇ ਮੋਹਰ ਲਗਾ ਦਿੱਤੀ। ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਹਾਲਾਂਕਿ ਅੱਜ ਪਹਿਲੇ ਹੀ ਓਵਰ ਵਿਚ ਉਸਮਾਨ ਖਵਾਜਾ ਦਾ ਵਿਕਟ ਹਾਸਲ ਕਰਕੇ ਥੋੜ੍ਹਾ ਰੋਮਾਚ ਪੈਦਾ ਕੀਤਾ ਸੀ ਪਰ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੇ ਭਾਰਤੀਆਂ ਨੂੰ ਕੋਈ ਹੋਰ ਮੌਕਾ ਦਿੱਤੇ ਬਿਨਾਂ ਜਿੱਤ ਦਾ ਟੀਚਾ ਹਾਸਲ ਕਰ ਲਿਆ।