ਮੁੰਬਈ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ ਟੈਸਟ ਸੀਰੀਜ਼ ਦਾ ਤੀਜਾ ਮੈਚ ਧਰਮਸ਼ਾਲਾ ‘ਚ ਆਯੋਜਿਤ ਨਹੀਂ ਹੋਵੇਗਾ। ਇੱਕ ਰਿਪੋਰਟ ਦੇ ਅਨੁਸਾਰ, ਧਰਮਸ਼ਾਲਾ ਦਾ ਐੱਚ.ਪੀ.ਸੀ.ਏ. ਸਟੇਡੀਅਮ ਮੈਚ ਦੀ ਮੇਜ਼ਬਾਨੀ ਕਰਨ ਲਈ ਤਿਆਰ ਨਹੀਂ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (ਐੱਚ.ਪੀ.ਸੀ.ਏ.) ਨੇ ਨਵੇ ਡਰੇਨੇਜ ਸਿਸਟਮ (ਜਲ ਨਿਕਾਸੀ ਵਿਵਸਥਾ) ਨੂੰ ਤਿਆਰ ਕਰਨ ਲਈ ਸਟੇਡੀਅਮ ਦੇ ਘਾਹ ਨੂੰ ਦੁਬਾਰਾ ਵਿਛਾ ਦਿੱਤਾ ਸੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਇਕ ਨਿਰੀਖਣ ਟੀਮ ਨੇ ਡਰੇਨੇਜ ਸਿਸਟਮ ਦੇ ਤਿਆਰ ਹੋਣ ਤੋਂ ਬਾਅਦ ਸਟੇਡੀਅਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਮੈਦਾਨ ‘ਤੇ ਧੱਬੇ ਨਜ਼ਰ ਆਏ। ਨਿਰੀਖਣ ਟੀਮ ਦੀ ਨਕਾਰਾਤਮਕ ਰਿਪੋਰਟ ਤੋਂ ਬਾਅਦ ਬੋਰਡ ਨੇ ਆਯੋਜਨ ਸਥਾਨ ਬਦਲਣ ਦਾ ਫ਼ੈਸਲਾ ਕੀਤਾ। ਬੀ.ਸੀ.ਸੀ.ਆਈ. ਨੇ ਫਿਲਹਾਲ 1 ਮਾਰਚ ਤੋਂ ਸ਼ੁਰੂ ਹੋਣ ਵਾਲੇ ਟੈਸਟ ਦੇ ਆਯੋਜਨ ਸਥਾਨ ਬਾਰੇ ਫ਼ੈਸਲਾ ਨਹੀਂ ਕੀਤਾ ਹੈ, ਹਾਲਾਂਕਿ ਇਹ ਮੁਕਾਬਲਾ ਇੰਦੌਰ ਜਾਂ ਰਾਜਕੋਟ ਵਿੱਚ ਹੋ ਸਕਦਾ ਹੈ। ਭਾਰਤ ਨੇ ਆਸਟਰੇਲੀਆ ਨੂੰ ਪਹਿਲੇ ਟੈਸਟ ਵਿੱਚ ਪਾਰੀ ਅਤੇ 132 ਦੌੜਾਂ ਨਾਲ ਹਰਾ ਕੇ 4 ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਅਗਲਾ ਮੈਚ 17 ਫਰਵਰੀ ਤੋਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾਵੇਗਾ।