ਚੰਡੀਗੜ੍ਹ : ਚੰਡੀਗੜ੍ਹ-ਮੋਹਾਲੀ ਹੱਦ ’ਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਪੁਲਿਸ ਦੀ ਵਾਧੂ ਫੋਰਸ ਪੂਰੀ ਤਰ੍ਹਾਂ ਮੁਸਤੈਦ ਹੈ। ਏਰੀਆ ਸੀਲ ਕਰ ਕੇ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਮੁਲਾਜ਼ਮਾਂ ’ਤੇ ਜਾਨਲੇਵਾ ਹਮਲਾ ਕਰਨ, ਹਥਿਆਰ ਲੁੱਟਣ, ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਸਮੇਤ ਗੰਭੀਰ ਧਾਰਾਵਾਂ ਦਰਜ ਕਰਨ ਦੇ ਬਾਵਜੂਦ ਪੁਲਿਸ ਇਕ ਵੀ ਹੰਗਾਮਾਕਾਰੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਇਹ ਮੈਂਬਰ ਆਪਣੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੂਚ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਹਿੰਸਾ ਤੋਂ ਬਾਅਦ ਇਹ ਇਲਾਕਾ ਸੰਵੇਦਨਸ਼ੀਲ ਬਣਿਆ ਹੋਇਆ ਹੈ। ਹਥਿਆਰਬੰਦ ਪ੍ਰਦਰਸ਼ਨਕਾਰੀ ਟ੍ਰੈਕਟਰਾਂ ’ਤੇ ਸਵਾਰ ਹੋ ਕੇ ਬੈਰੀਕੇਡ ਨੂੰ ਹਟਾ ਕੇ ਚੰਡੀਗੜ੍ਹ ’ਚ ਦਾਖ਼ਲ ਹੋਏ ਸਨ। ਉਨ੍ਹਾਂ ਨੇ ਪੁਲਿਸ ’ਤੇ ਘੋੜੇ ਚੜ੍ਹਾਉਣ ਦੀ ਕੋਸ਼ਿਸ਼ ਕਰ ਕੇ ਤਲਵਾਰ, ਡੰਡਿਆਂ ਤੇ ਰਾਡ ਨਾਲ ਹਮਲਾ ਕੀਤਾ। ਉਹ 20 ਬੈਰੀਕੇਡ, ਟੀਅਰ ਗੈਸ ਗੰਨ ਤੇ ਹੋਰ ਸਾਮਾਨ ਵੀ ਲੁੱਟ ਲੈ ਗਏ ਸਨ। ਇਸ ਦੌਰਾਨ ਸੱਤ ਮਹਿਲਾ ਪੁਲਿਸ ਮੁਲਾਜ਼ਮਾਂ ਸਮੇਤ 29 ਜਵਾਨ ਜ਼ਖ਼ਮੀ ਹੋਏ। ਮੁਹਾਲੀ ਪੁਲਿਸ ਨੇ ਅਣਪਛਾਤੇ ਹਮਲਾਵਰਾਂ ’ਤੇ ਮਾਮਲਾ ਦਰਜ ਕੀਤਾ ਹੈ ਜਦਕਿ ਵੀਡੀਓ ਅਤੇ ਤਸਵੀਰਾਂ ’ਚ ਹਮਲਾਵਰ ਸਾਫ਼ ਨਜ਼ਰ ਆ ਰਹੇ ਹਨ।