ਕੁਰੂਕਸ਼ੇਤਰ -ਕਿਸਾਨ ਸੰਗਠਨ ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ’ਤੇ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕਰਦੇ ਹੋਏ 20 ਮਾਰਚ ਨੂੰ ਸੰਸਦ ਦੇ ਬਾਹਰ ਕਿਸਾਨ ਮਹਾਪੰਚਾਇਤ ਕਰੇਗਾ। ਮੋਰਚੇ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਕਈ ਕਿਸਾਨ ਸੰਘਾਂ ਦੇ ਸੰਗਠਨ ਨੇ ਯੁੱਧਵੀਰ ਸਿੰਘ, ਰਾਜਾ ਰਾਮ ਸਿੰਘ ਅਤੇ ਡਾ. ਸੁਨੀਲਮ ਦੀ ਅਗਵਾਈ ’ਚ ਇਥੇ ਜਾਟ ਭਵਨ ’ਚ ਹੋਈ ਇਕ ਬੈਠਕ ’ਚ ਇਹ ਫ਼ੈਸਲਾ ਕੀਤਾ।
ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲਾ ਕਿਸਾਨ ਸੰਗਠਨ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕਰ ਰਿਹਾ ਹੈ। ਮੋਰਚੇ ਨੇ ਆਮ ਬਜਟ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਬੈਠਕ ‘ਚ ਲਖੀਮਪੁਰ ਖੀਰੀ ਕਤਲਕਾਂਡ ਲਈ ਜ਼ਿੰਮੇਵਾਰ ਅਜੇ ਮਿਸ਼ਰਾ ਅਤੇ ਸੂਬੇ ਦੇ ਮੰਤਰੀ ਸੰਦੀਪ ਸਿੰਘ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਪ੍ਰਸਤਾਵ ਕੀਤਾ ਗਿਆ। ਉੱਥੇ ਹੀ ਪੰਜਾਬ ‘ਚ ਭਾਕਿਯੂ ਜੋਗਿੰਦਰ ਸਿੰਘ ਧਿਰ ਵਲੋਂ ਸਿੱਖ ਬੰਦੀਆਂ, ਕਿਸਾਨਾਂ ਦੀ ਰਿਹਾਈ ਲਈ ਅੰਦੋਲਨ ਦਾ ਫ਼ੈਸਲਾ ਲਿਆ ਗਿਆ ਹੈ।