ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁੱਕਰਵਾਰ ਨੂੰ ਮਾਰਕਫੈੱਡ ‘ਚ ਭਰਤੀ ਹੋਏ ਨੌਜਵਾਨਾਂ ਨੂੰ ਮਿਊਂਸੀਪਲ ਭਵਨ ‘ਚ ਨਿਯੁਕਤੀ ਪੱਤਰ ਵੰਡੇ ਗਏ। ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਵਧਾਈ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਨਵਰੀ ਦੇ ਪਹਿਲੇ ਹਫ਼ਤੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 3000 ਤੋਂ ਵੱਧ ਮਾਸਟਰ ਕੈਡਰ ਦੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਜਿਹੜੇ ਰਵਾਇਤੀ ਸਿਆਸਤਦਾਨ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਦੀਵਾਲੀ ਵੇਲੇ ਆਈਪੈਡ, ਆਈਫੋਨ ਜਾਂ ਹੋਰ ਮਹਿੰਗੇ-ਮਹਿੰਗੇ ਤੋਹਫ਼ੇ ਦਿੱਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਨਵੀਂ ਪਿਰਤ ਪਾਈ ਹੈ। ਇਸ ਤਹਿਤ ਮਾਰਕਫੈੱਡ ਦੀ ਪੂਰੀ ਟੋਕਰੀ ਪੈਕ ਕਰਕੇ ਸਿਆਸਤਦਾਨਾਂ ਦੇ ਘਰ ਭੇਜੀ ਗਈ, ਜਿਸ ‘ਚ ਸਰੋਂ ਦਾ ਤੇਲ, ਸੋਇਆਬੀਨ ਦਾ ਤੇਲ, ਕਾਰਨਫਲੇਕਸ, ਸਰ੍ਹੋਂ ਦੇ ਸਾਗ ਦਾ ਪੈਕ, ਲੀਚੀ, ਆਚਾਰ, ਸ਼ਹਿਦ ਆਦਿ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਕਈਆਂ ਨੇ ਇਹ ਤੱਕ ਵੀ ਕਹਿ ਦਿੱਤਾ ਕਿ ਇਹ ਸਾਨੂੰ ਦੁਬਾਰਾ ਭੇਜੋ। ਉਨ੍ਹਾਂ ਕਿਹਾ ਕਿ ਮਾਰਕਫੈੱਡ ਇਕ ਬਹੁਤ ਵੱਡਾ ਅਦਾਰਾ ਹੈ, ਜਿਸ ਕੋਲ ਬਹੁਤ ਸਾਰੇ ਪ੍ਰੋਡਕਟ ਹਨ, ਜੋ ਪੂਰੀ ਦੁਨੀਆ ‘ਚ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ ਦੀ ਲੀਚੀ ਸਭ ਤੋਂ ਮਿੱਠੀ ਹੈ ਅਤੇ ਜੇਕਰ ਪ੍ਰੋਸੈਸਿੰਗ ਕੀਤੀ ਜਾਵੇ ਤਾਂ ਇਹ ਲੀਚੀ ਪੂਰੀ ਦੁਨੀਆ ‘ਚ ਜਾ ਸਕਦੀ ਹੈ। ਉੁਨ੍ਹਾਂ ਕਿਹਾ ਕਿ ਪੰਜਾਬ ਦਾ ਗੁੜ, ਆਲੂ, ਟਮਾਟਰ, ਅਮਰੂਦ ਪੂਰੀ ਦੁਨੀਆ ‘ਚ ਮਸ਼ਹੂਰ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਲਈ ਅਸੀਂ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਪ੍ਰਮੋਟ ਕਰ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਭਾਰਤ ‘ਚ ਮੈਨੂਫੈਕਚਰ ਹੋਣ ਵਾਲੇ 80 ਫ਼ੀਸਦੀ ਟਰੈਕਟਰ ਪੰਜਾਬ ‘ਚ ਬਣਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਹੁਣ ਤੱਕ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਪੰਜਾਬ ‘ਚ ਆ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 21,404 ਨੌਕਰੀਆਂ ਸਾਡੀ ਸਰਕਾਰ ਵੱਲੋਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਇੱਥੇ ਹੀ ਕੰਮ ਮਿਲ ਜਾਵੇ ਤਾਂ ਵਿਦੇਸ਼ ਜਾਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਆਪਣੇ ਪਰਿਵਾਰ ਦੀ ਕੋਈ ਕੀਮਤ ਨਹੀਂ ਹੁੰਦੀ।