ਹਰਿਆਣਾ ਪੁੱਜੀ ਭਾਰਤ ਜੋੜੋ ਯਾਤਰਾ ਦਾ ਹੋਇਆ ਸ਼ਾਨਦਾਰ ਤੇ ਰਵਾਇਤੀ ਸਵਾਗਤ

ਚੰਡੀਗੜ੍ਹ- ਰਾਜਸਥਾਨ ਤੋਂ ਹੋ ਕੇ ਹਰਿਆਣਾ ਸੀਮਾ ਵਿਚ ਦਾਖਲ ਹੁੰਦੇ ਹੀ ਭਾਰਤ ਜੋੜੋ ਯਾਤਰਾ ਦਾ ਜ਼ੋਰਦਾਰ ਢੰਗ ਨਾਲ ਸ਼ਾਨਦਾਰ ਅਤੇ ਰਵਾਇਤੀ ਸਵਾਗਤ ਹੋਇਆ। ਕੜਾਕੇ ਦੀ ਠੰਡ ਅਤੇ ਧੁੰਦ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਦੇਰ ਰਾਤ ਤੋਂ ਹੀ ਲੋਕ ਮੁੰਡਕਾ ਬਾਰਡਰ ’ਤੇ ਭਾਰਤ ਜੋੜੋ ਯਾਤਰਾ ਦੇ ਸਵਾਗਤ ਲਈ ਪੁੱਜਣ ਲੱਗੇ ਅਤੇ ਸਵੇਰੇ 6 ਵਜੇ ਤੱਕ ਝੰਡਾ ਟਰਾਂਸਫਰ ਅਤੇ ਸਵਾਗਤ ਸਭਾ ਵਿਚ ਬਹੁਤ ਵੱਡਾ ਇਕੱਠ ਹੋਇਆ। ਹਰਿਆਣਾ ਦੀ ਸਿਆਸਤ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਦਸੰਬਰ ਦੇ ਮਹੀਨੇ ਦੀ ਕੜਾਕੇ ਦੀ ਸਰਦੀ ਵਿਚ ਸਵੇਰੇ 6 ਵਜੇ ਰੈਲੀ ਹੋਈ ਹੈ।

ਭਾਰਤ ਜੋੜੋ ਯਾਤਰਾ ਦੇ ਬੇਮਿਸਾਲ ਸਵਾਗਤ ਤੋਂ ਹੈਰਾਨ ਦਿਖੇ ਰਾਹੁਲ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਯਾਤਰਾ ਕਰੋੜਾਂ ਕਿਸਾਨਾਂ, ਮਜ਼ਦੂਰਾਂ, ਬੇਰੋਜ਼ਗਾਰ ਨੌਜਵਾਨਾਂ ਅਤੇ ਮਹਿੰਗਾਈ ਤੋਂ ਪ੍ਰਭਾਵਿਤ ਆਮ ਜਨਤਾ ਦੀ ਹੈ। ਦੇਸ਼ ਵਿਚ ਅੱਜ 2 ਸਭ ਤੋਂ ਵੱਡੇ ਮੁੱਦੇ ਹਨ, ਜਿਨ੍ਹਾਂ ਨਾਲ ਹਿੰਦੁਸਤਾਨ ਪ੍ਰਭਾਵਿਤ ਹੋ ਰਿਹਾ ਹੈ, ਦਰਦ ਹੋ ਰਿਹਾ ਹੈ। ਪਹਿਲਾ ਬੇਰੋਜ਼ਗਾਰੀ ਅਤੇ ਦੂਜਾ ਮਹਿੰਗਾਈ।
ਨੋਟਬੰਦੀ, ਜੀ. ਐੱਸ. ਟੀ. ਛੋਟੇ ਵਪਾਰੀਆਂ ਨੂੰ ਮਾਰਨ ਦੇ ਹਥਿਆਰ ਹਨ, ਜਿਸ ਕਾਰਨ ਹਿੰਦੁਸਤਾਨ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਘੱਟ ਕਰਨੀ ਹੈ ਅਤੇ ਬੇਰੋਜ਼ਗਾਰੀ ਨੂੰ ਖਤਮ ਕਰਨਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਆਓ ਮਿਲ ਕੇ ਹਰਿਆਣਾ ਵਿਚ ਕਦਮ ਨਾਲ ਕਦਮ ਮਿਲਾ ਕੇ ਚੱਲੀਏ। ਇਸ ਦੌਰਾਨ ਸੰਸਦ ਮੈਂਬਰ ਦੀਪੇਂਦਰ ਹੁੱਡਾ ਮੁੱਖ ਰੂਪ ਵਿਚ ਮੌਜੂਦ ਰਹੇ। ਪਹਿਲੇ ਦਿਨ ਰਾਹੁਲ ਗਾਂਧੀ ਨੇ ਸਾਬਕਾ ਫੌਜੀਆਂ ਨਾਲ ਮੁਲਾਕਾਤ ਕੀਤੀ ਅਤੇ ਲਗਭਗ ਇਕ ਘੰਟੇ ਤੱਕ ਉਨ੍ਹਾਂ ਨਾਲ ਵਿਸਤਾਰ ਨਾਲ ਚਰਚਾ ਕੀਤੀ।

Leave a Reply

Your email address will not be published. Required fields are marked *