ਹੁਣ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਵਿੱਚ, ‘ਆਪ’ ਇੱਕ ‘ਰਾਸ਼ਟਰੀ ਪਾਰਟੀ’ ਬਣਨ ‘ਤੇ ਝੂਠੀ ਖ਼ੁਸ਼ੀ ਮਨਾ ਰਹੀ ਹੈ – ਬਾਜਵਾ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੋਖਲਾ ਸਿਆਸਤਦਾਨ ਦੱਸਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਮਾਨ ਵੱਲੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਰਮਨਾਕ ਹਾਰ ਦੀ ਤੁਲਨਾ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਬੱਲੇਬਾਜ਼ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਨਾਲ ਕਰਨਾ ਬਹੁਤ ਗੈਰ-ਜ਼ਿੰਮੇਵਾਰਾਨਾ ਹੈ।
ਬਾਜਵਾ ਇੱਕ ਨਿੱਜੀ ਨਿਊਜ਼ ਚੈਨਲ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਮੁੱਖ ਮੰਤਰੀ ਮਾਨ ਦੇ ਸੰਬੋਧਨ ਦਾ ਹਵਾਲਾ ਦੇ ਰਹੇ ਸਨ ਜਿਸ ਵਿੱਚ ਮਾਨ ਨੇ ਕਿਹਾ ਸੀ ਕਿ ਵਿਰਾਟ ਕੋਹਲੀ ਵੀ ਰੋਜ਼ਾਨਾ ਸੈਂਕੜਾ ਨਹੀਂ ਬਣਾਉਂਦੇ। ਬਾਜਵਾ ਨੇ ਕਿਹਾ “ਵਿਰਾਟ ਕੋਹਲੀ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ ਹੈ, ਜਿਸ ਨੇ ਕਈ ਮੌਕਿਆਂ ‘ਤੇ ਭਾਰਤ ਨੂੰ ਮਾਣ ਦਿਵਾਇਆ ਹੈ। ਮਾਨ ਦੇ ਇਸ ਹਲਕੇ ਬਿਆਨ ਤੋਂ ਬਾਅਦ, ਕੋਹਲੀ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਇੱਕ-ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਆਪਣਾ 44ਵਾਂ ਸੈਂਕੜਾ ਲਗਾਇਆ, ਜੋ ਕਿ ਮਾਨ ਦੇ ਬਿਆਨ ਦਾ ਢੁਕਵਾਂ ਜਵਾਬ ਸਾਬਤ ਹੋਇਆ”।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ‘ਆਪ’ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਬੁਰੀ ਤਰ੍ਹਾਂ ਹਰਾ ਦਿੱਤਾ ਸੀ, ਜਦੋਂ ਕਿ ਗੁਜਰਾਤ ‘ਚ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੂਰੀ ਕੈਬਨਿਟ ਦੇ ਗੁਜਰਾਤ ‘ਚ ਡੇਰੇ ਲਾਉਣ ਦੇ ਬਾਵਜੂਦ ਇਹ ਸਿਰਫ਼ ਪੰਜ ਸੀਟਾਂ ਹੀ ਜਿੱਤ ਸਕੀ ਸੀ। ਇਸ ਦੌਰਾਨ, ਅਜਿਹੀ ਸ਼ਰਮਨਾਕ ਹਾਰ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਵਿੱਚ, ‘ਆਪ’ ਇੱਕ ‘ਰਾਸ਼ਟਰੀ ਪਾਰਟੀ’ ਹੋਣ ‘ਤੇ ਖ਼ੁਸ਼ੀ ਮਨਾ ਰਹੀ ਹੈ।
ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ‘ਤੇ ਆਰ. ਪੀ. ਜੀ. ਹਮਲੇ ‘ਤੇ ਇੱਕ ਬਿਆਨ ਵਿੱਚ, ਬਾਜਵਾ ਨੇ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਵਿੱਚ ‘ਆਪ’ ਦੀ ਢਿੱਲ-ਮੱਠ ਦੀ ਸਖ਼ਤ ਨਿੰਦਾ ਕੀਤੀ ਹੈ। “ਆਪ ਦੀ ਸਰਕਾਰ ਬਣਨ ਤੋਂ ਬਾਅਦ ਇਹ ਦੂਸਰਾ ਆਰ. ਪੀ. ਜੀ. ਹਮਲਾ ਹੈ। ਸੂਬੇ ਵਿੱਚ ਸੰਗਠਿਤ ਅਪਰਾਧ ਆਪਣੇ ਸਿਖਰ ‘ਤੇ ਪਹੁੰਚ ਚੁੱਕਾ ਹੈ। ਮੁੱਖ ਮੰਤਰੀ ਮਾਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ। ਅਮਨ-ਕਾਨੂੰਨ ਪ੍ਰਤੀ ‘ਆਪ’ ਸਰਕਾਰ ਦਾ ਅਜਿਹਾ ਬੇਤੁਕਾ ਰਵੱਈਆ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” , ਬਾਜਵਾ ਨੇ ਕਿਹਾ।
ਕੋਵਿਸ਼ੀਲਡ ਵੈਕਸੀਨ ਦੀ ਅਣਉਪਲਬਧਤਾ ‘ਤੇ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਗੋਆ ਵਿਖੇ ਆਯੋਜਿਤ ਵਿਸ਼ਵ ਆਯੁਰਵੇਦ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਬਜਾਏ ਸੂਬੇ ਦੇ ਮਾਮਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬੂਸਟਰ ਡੋਜ਼ ਮਿਲੇ।