ਚੰਡੀਗਡ਼੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ’ਚ ਲੋਡ਼ੀਂਦੇ ਗੈਂਗਸਟਰ ਗੋਲਡੀ ਬਰਾਡ਼ ਨੂੰ ਅਮਰੀਕਾ ਦੇ ਕੈਲੀਫੋਰਨੀਆ ’ਚ ਹਿਰਾਸਤ ’ਚ ਲੈਣ ਦਾ ਦਾਅਵਾ ਖੋਖਲਾ ਨਿਕਲਿਆ। ਕੇਂਦਰੀ ਏਜੰਸੀਆਂ ਦਾ ਕਹਿਣਾ ਹੈ ਕਿ ਉਸ ਨੂੰ ਇਕ ਡਰੱਗ ਕੇਸ ’ਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਕੈਲੀਫੋਰਨੀਆ ਦੀ ਫਰਿਜ਼ਨੋ ਸਿਟੀ ’ਚ ਸਥਾਨਕ ਪੁਲਿਸ ਨੇ ਇਸ ਮਾਮਲੇ ’ਚ ਉਸ ਤੋਂ ਤਿੰਨ ਵਾਰ ਪੁੱਛਗਿੱਛ ਕੀਤੀ ਹੈ। ਉਸ ਤੋਂ ਮੂਸੇਵਾਲਾ ਹੱਤਿਆ ਕਾਂਡ ਬਾਰੇ ਕੋਈ ਸਵਾਲ ਨਹੀਂ ਕੀਤਾ ਗਿਆ। ਹਾਲਾਂਕਿ, ਅਮਰੀਕੀ ਜਾਂਚ ਏਜੰਸੀਆਂ ਲਗਾਤਾਰ ਗੋਲਡੀ ਬਰਾਡ਼ ’ਤੇ ਨਜ਼ਰ ਰੱਖ ਰਹੀਆਂ ਹਨ। ਉਸ ਨੂੰ ਦੋਬਾਰਾ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਹਿਰਾਸਤ ’ਚ ਲਏ ਜਾਣ ਦੀ ਖ਼ਬਰ ਤੋਂ ਬਾਅਦ ਗੋਲਡੀ ਬਰਾਡ਼ ਨੇ ਵੀ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਹ ਕਿਸੇ ਹਿਰਾਸਤ ’ਚ ਨਹੀਂ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਦਸੰਬਰ ਨੂੰ ਗੁਜਰਾਤ ਦੇ ਅਹਿਮਦਾਬਾਦ ’ਚ ਪ੍ਰੈਸ ਕਾਨਫਰੰਸ ’ਚ ਕਿਹਾ ਸੀ ਕਿ ਗੋਲਡੀ ਬਰਾਡ਼ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ ਉਸ ਨੂੰ ਛੇਤੀ ਭਾਰਤ ਲਿਆਉਣ ਦਾ ਯਤਨ ਕੀਤਾ ਜਾਵੇਗਾ। ਉੱਥੇ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਾਡ਼ ਬਾਰੇ ਇਸ ਲਈ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਉਹ ਕੈਨੇਡਾ ਤੋਂ ਸਿਆਸੀ ਪਨਾਹ ਲਈ ਕੈਲੀਫੋਰਨੀਆ ਗਿਆ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਜਾਣਬੁੱਝ ਕੇ ਸਿੱਧੂ ਮੂਸੇਵਾਲਾ ਕੇਸ ’ਚ ਫਸਾਇਆ ਜਾ ਰਿਹਾ ਹੈ। ਉਸ ਨੂੰ ਸ਼ੱਕ ਹੈ ਕਿ ਭਾਰਤ ਲਿਆ ਕੇ ਉਸ ਦਾ ਐਨਕਾਊਂਟਰ ਕੀਤਾ ਜਾ ਸਕਦਾ ਹੈ।