ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਯਾਨੀ ਬੁੱਧਵਾਰ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਆਪਣਾ ਭਾਸ਼ਣ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਦੀ ਤਾਰੀਫ ਨਾਲ ਕੀਤੀ। ਉਨ੍ਹਾਂ ਰਾਜ ਸਭਾ ਸਪੀਕਰ ਦੀ ਤਾਰੀਫ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ ਪਿਛਲੇ ਕੁਝ ਮਹੀਨਿਆਂ ’ਚ ਮਾਈਕ੍ਰੋ ਮੈਨੇਜਮੈਂਟ ਕੀਤੀ ਹੈ ਅਤੇ ਸਾਡੇ ਵਰਗੇ ਗੈਰ ਰਾਜਨੀਤਿਕ ਵਿਅਕਤੀ ਨੂੰ ਵੀ ਗਲੇ ਲਗਾਇਆ ਹੈ ਅਤੇ ਜਿਵੇਂ ਇਸ ਸਭਾ ਦੇ ਇਕ-ਇਕ ਵਿਅਕਤੀ ਦੀ ਗੱਲਬਾਤ ਸੁਣੀ ਇਸ ਦੀ ਕੋਈ ਉਦਾਹਰਣ ਨਹੀਂ ਮਿਲਦੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬੀ ਭਾਸ਼ਾ ’ਚ ਰਾਜ ਸਭਾ ਬੁਲੇਟਿਨ ਸ਼ੁਰੂ ਕਰਨ ਲਈ ਵੀ ਰਾਜ ਸਭਾ ਸਪੀਕਰ ਦਾ ਧੰਨਵਾਦ ਕੀਤਾ।
ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਤੁਸੀਂ ਵੀ ਇਕ ਕਿਸਾਨ ਪੁੱਤਰ ਹੋ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਸਮਝੋਗੇ ਅਤੇ ਉਨ੍ਹਾਂ ਦਾ ਹੱਲ ਕਰੋਗੇ। ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ’ਚ ਕਿਸਾਨਾਂ ਲਈ ਹਰ ਚੀਜ਼ ਬਿਹਤਰ ਹੋਵੇਗੀ। ਉਨ੍ਹਾਂ ਆਪਣੇ 100 ਦਿਨ ਪੂਰੇ ਹੋਣ ’ਤੇ ਆਪਣਾ ਰਿਪੋਰਟ ਕਾਰਡ ਸੌਂਪਣ ਬਾਰੇ ਵੀ ਜ਼ਿਕਰ ਕੀਤਾ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਸੰਸਦ ਵਿਚ ਆਪਣੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਸੀ। ਮੀਡੀਆ ਸਾਹਮਣੇ ਆਪਣਾ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਵਿਕਰਮਜੀਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਐੱਮ.ਐੱਸ.ਪੀ. ਅਤੇ ਸੀ. ਏ. ਸੀ. ਪੀ. ਵਿਚ ਪੰਜਾਬ ਦਾ ਪੱਖ ਰੱਖਿਆ, ਪੰਜਾਬ ਐੱਮ. ਐੱਸ. ਪੀ. ਤਹਿਤ ਅਨਾਜ ਦੀ ਖਰੀਦ ਵਿਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਉਸ ਨੂੰ ਇਨ੍ਹਾਂ ਦੋਹਾਂ ਗੱਲਾਂ ਵਿਚ ਉਚਿਤ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ।