ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਵਿਚ ਨਹੀਂ ਆ ਰਹੀਆਂ। ਪਿੰਡ ਮਨਸੂਰਪੁਰ ਗੁਰਦੁਆਰਾ ਵਿਖੇ ਅੱਜ ਦੀ ਹੋਈ ਘਟਨਾ ਨਾਲ ਹਰ ਸਿੱਖ ਦਾ ਹਿਰਦਾ ਤੜਫ਼ ਉੱਠਿਆ ਹੈ।
ਸਿੰਘ ਸਾਹਿਬ ਵਲੋਂ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਰਹਿਣ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਸੀ.ਸੀ ਟੀ ਵੀ ਕੈਮਰੇ ਵੀ ਲਗਾਏ ਜਾਣ। ਪ੍ਰੰਤੂ ਸੰਗਤਾਂ ਇਸ ਸੰਬੰਧੀ ਅਜੇ ਵੀ ਅਵੇਸਲੀਆਂ ਹਨ। ਸਿੰਘ ਸਾਹਿਬ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਤੁਰੰਤ ਹੀ ਦੋਸ਼ੀਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।