ਸਿਹਤਮੰਦ ਸਮਾਜ ਲਈ ਖਾਦਾਂ ਤੇ ਰਸਾਇਣਾਂ ਵਰਤੋਂ ਨੂੰ ਘਟਾਉਣਾ ਜ਼ਰੂਰੀ-ਸੰਧਵਾਂ
ਖੇਤੀਬਾੜੀ ਮੰਤਰੀ ਵੱਲੋਂ ਨਵੀਂ ਖੇਤੀ ਨੀਤੀ ਮਾਰਚ ਤੱਕ ਜਾਰੀ ਕਰਨ ਦਾ ਐਲਾਨ
ਆਰਗੈਨਿਕ ਖੇਤੀ ਨਾਲ ਜੁੜੇ ਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਵਿਧਾਨ ਸਭਾ ’ਚ ਸਨਮਾਣ
ਚੰਡੀਗੜ੍ਹ –
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਖਾਦਾਂ ਅਤੇ ਰਸਾਇਣਾਂ ਆਧਾਰਿਤ ਖੇਤੀ ਦੇ ਰੁਝਾਨ ਮੋੜਾ ਦੇਣ ਅਤੇ ਇਸ ਦੀ ਥਾਂ ਆਰਗੈਨਿਕ ਖੇਤੀ ਵੱਲ ਨੂੰ ਕਦਮ ਪੁੱਟਣ ਵਾਸਤੇ ਕਿਸਾਨਾਂ ਨੂੰ ਲੋਕ ਲਹਿਰ ਉਸਾਰਨ ਦਾ ਸੱਦ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਆਰਗੈਨਿਕ ਖੇਤੀ ਦੇ ਖੇਤਰ ਵਿੱਚ ਨਵੀਂਆਂ ਪੈੜਾਂ ਪਾਉਣ ਅਤੇ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਦੇ ਸਨਮਾਣ ਲਈ ਕਰਾਏ ਗਏ ਸਮਰੋਹ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਅੰਮ੍ਰਿਤ ਵਾਰਗੇ ਪਾਣੀ, ਸ਼ੁੱਧ ਹਵਾ ਅਤੇ ਸਿਹਤਮੰਦ ਉਪਜਾਊ ਭੂਮੀ ਵਾਲੇ ਪੰਜਾਬ ਨੂੰ ਗਲਤ ਨੀਤੀਆਂ ਦੇ ਕਾਰਨ ਦੂਸ਼ਤ ਪਾਣੀ, ਜ਼ਹਿਰੀਲੀ ਹਵਾ ਅਤੇ ਗੈਰ-ਉਪਜਾਊ ਭੂਮੀ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿੱਚ ਖਾਦਾਂ, ਰਸਾਇਣਾਂ, ਨਦੀਨ ਨਾਸ਼ਕਾਂ ਅਤੇ ਕੀਟ ਨਾਸ਼ਕਾਂ ਦੀ ਹੱਦੋਂ ਵੱਧ ਵਰਤੋਂ ਕਾਰਨ ਲੋਕ ਬਿਮਾਰੀਆਂ ਵਿੱਚ ਘਿਰ ਗਏ ਹਨ ਅਤੇ ਕੈਂਸਰ ਨਾਲ ਰੋਜ਼ਾਨਾਂ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਲਿਆਉਣ ਲਈ ਆਰਗੈਨਿਕ ਖੇਤੀ ਵੱਲ ਵਧਣ ਦੀ ਲੋੜ ਹੈ।
ਸ. ਸੰਧਵਾਂ ਨੇ ਕਿਹਾ ਕਿ ਖੇਤੀ ਇੱਕ ਜੀਵਨ ਜਾਂਚ ਹੈ ਅਤੇ ਵਪਾਰਕ ਤੇ ਬਜ਼ਾਰਵਾਦੀ ਰੁਝਾਨ ਨੇ ਇਸ ਨੂੰ ਖੇਤੀ ਵਪਾਰ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸਿਰਫ ਖੇਤੀ ਹੀ ਰਹਿਣੀ ਚਾਹੀਦੀ ਹੈ ਅਤੇ ਇਸ ਨੂੰ ਕੇਵਲ ਤੇ ਕੇਵਲ ਵਪਾਰ ਨਹੀਂ ਬਨਾਉਣਾ ਚਾਹੀਦਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਖੇਤੀ ਨੀਤੀ ਵਿੱਚ ਵੱਖਰੀ ਆਰਗੈਨਿਕ ਖੇਤੀ ਨੀਤੀ ਵੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰਗੈਨਿਕ ਖੇਤੀ ਨੂੰ ਅਪਨਾਉਣ ਵਾਲੇ ਕਿਸਾਨਾਂ ਨੇ ਜਿੱਥੇ ਜ਼ੋਖਮ ਲਿਆ ਹੈ, ਉਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ’ਤੇ ਪਹਿਰਾ ਦੇ ਕੇ ਪਾਣੀ, ਭੌਂ ਅਤੇ ਹਵਾ ਨੂੰ ਬਚਾਉਣ ਵੱਲ ਕਦਮ ਵੀ ਪੁੱਟੇ ਹਨ।
ਇਸ ਤੋਂ ਪਹਿਲਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਮੁੱਚੀ ਵਿਵਸਥਾ ਵਿੱਚ ਤਬਦੀਲੀ ਲਿਆਉਣ ਲਈ ਵਚਨਵੱਧ ਹੈ। ਉਨ੍ਹਾਂ ਦੱਸਿਆ ਕਿ ਇਸ ਪਰਿਵਰਤਨ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਇਸ ਸਾਲ ਮਾਰਚ ਤੱਕ ਆਪਣੀ ਖੇਤੀ ਨੀਤੀ ਲਿਆਵੇਗੀ ਅਤੇ ਇਸ ਵਿੱਚ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਵਾਸਤੇ ਵੱਖਰੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਦਾ ਮਕਸਦ ਕੁਦਰਤੀ ਖੇਤੀ ਨੂੰ ਉਭਾਨਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੀਤੀ ਬਣਨ ਤੋਂ ਬਾਅਦ ਬਜਟ ਵਿੱਚ ਫੰਡਾਂ ਦੀ ਵਿਵਸਥਾ ਕੀਤੀ ਜਾਵੇਗੀ।
ਨਰੇਗਾਂ ਵਰਕਰਾਂ ਦੀਆਂ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਵੱਲੋਂ ਸੇਵਾਵਾਂ ਲੈਣ ਮੁੱਦੇ ਦੇ ਸਬੰਧ ਵਿੱਚ ਸ. ਧਾਲੀਵਾਲ ਨੇ ਕਿਹਾ ਕਿ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਮਿਹਨਤਾਨਾ ਦਿੱਤਾ ਜਾਂਦਾ ਜਿਸ ਕਰਕੇ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਜੌਬ ਕਾਰਡ ਬਨਾਉਣੇ ਚਾਹੀਦੇ ਹਨ। ਇਸੇ ਦੌਰਾਨ ਹੀ ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 30 ਫ਼ੀਸਦੀ ਘੱਟ ਪਰਾਲੀ ਸਾੜੀ ਗਈ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਅਗਲੇ ਦੋ ਸਾਲਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਪੁਰੀ ਤਰ੍ਹਾਂ ਖਤਮ ਹੋ ਜਾਵੇਗੀ।
ਇਸ ਦੌਰਾਨ ਖੇਤੀ ਵਿਰਾਸਤ ਮਿਸ਼ਨ ਦੇ ਉੁਮੇਂਦਰ ਦੱਤ ਸ਼ਰਮਾਂ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਅਦਰਸ਼ ਪਾਲ ਵਿੱਗ ਤੋਂ ਇਲਾਵਾ ਅਗਾਂਹਵਧੂ ਕਿਸਾਨ ਹਾਜ਼ਰ ਸਨ।