ਮੋਰਿੰਡਾ ਪਹੁੰਚੇ ਨਵਜੋਤ ਸਿੱਧੂ ਬੋਲੇ, ‘ਕਿਸਾਨ ਮੋਰਚਾ ਕਿਸੇ ਤੀਰਥ ਨਾਲੋਂ ਘੱਟ ਨਹੀਂ, ਬੁਲਾਉਣ ਤਾਂ ਜਾਵਾਂਗਾ ਨੰਗੇ ਪੈਰ

sidhu/nawanpunjab.com

ਮੋਰਿੰਡਾ, 24 ਜੁਲਾਈ (ਦਲਜੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਸ੍ਰੀ ਚਮਕੌਰ ਸਾਹਿਬ ਦੇ ਮੋਰਿੰਡਾ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਪਹੁੰਚੇ। ਇਥੇ ਉਨ੍ਹਾਂ ਦਾ ਢੋਲ ਨਾਲ ਸੁਆਗਤ ਕੀਤਾ ਗਿਆ। ਸਿੱਧੂ ਦੇ ਦੌਰੇ ਨੂੰ ਵੇਖਦੇ ਹੋਏ ਭਾਰੀ ਗਿਣਤੀ ’ਚ ਪੁਲਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਮੋਰਚਾ ਮੇਰੇ ਲਈ ਕਿਸੇ ਤੀਰਥ ਨਾਲੋਂ ਘੱਟ ਨਹੀਂ ਹੈ ਅਤੇ ਕਿਸਾਨ ਅੰਦੋਲਨ ’ਚ ਸ਼ਾਮਲ ਬਜ਼ੁਰਗ ਮੇਰੇ ਮਾਂ-ਬਾਪ ਦੇ ਸਮਾਨ ਹਨ। ਇਸ ਮੌਕੇ ਨਵਜੋਤ ਸਿੱਧੂ ਨੇ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਲਈ ਉਹ ਨੰਗੇ ਪੈਰੀਂ ਜਾਣਗੇ। ਮੈਂ ਪਿਛਲੇ ਇਕ ਸਾਲ ਤੋਂ ਇਸ ਕਿਸਾਨ ਮੋਰਚੇ ਨੂੰ ਪਵਿੱਤਰ ਕਹਿੰਦਾ ਆਇਆ ਹੈ ਕਿਉਂਕਿ ਇਹ ਕਿਸਾਨ ਮੋਰਚਾ ਸੰਵਿਧਾਨ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟ ਰਹੀ ਉਪਜ ਅਤੇ ਘੱਟ ਰਹੀ ਆਮਦਨ ਕਿਸਾਨਾਂ ਨੂੰ ਇਹ ਅੰਦੋਲਨ ਕਰਨ ਲਈ ਮਜਬੂਰ ਕਰ ਰਹੀ ਹੈ।

ਸਭ ਦੀ ਇੱਛਾ ਹੈ ਕਿ ਇਹ ਜਿਹੜੀ ਸਮਾਜਿਕ ਮੂਵਮੈਂਟ ਹੈ ਇਹ ਆਰਥਿਕ ਤਾਕਤ ’ਚ ਬਦਲੇ ਅਤੇ ਕਿਸਾਨਾਂ ਨੂੰ ਇੱਜ਼ਤ ਦੀ ਰੋਟੀ ਮਿਲੇ। ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੇ ਇਨਸਾਨ ਸਨ, ਜਿਨ੍ਹਾਂ ਨੇ ਆਪਣੇ ਘਰ ’ਚ ਕਿਸਾਨਾਂ ਦੇ ਹੱਕਾਂ ਲਈ ਕਾਲਾ ਝੰਡਾ ਲਗਾਇਆ ਸੀ। ਹਰ ਥਾਂ ’ਤੇ ਅੱਗੇ ਹੋ ਕੇ ਅਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ’ਚ ਹਿੱਸਾ ਲਿਆ ਹੈ, ਕਿਉਂਕਿ ਉਹ ਇਸ ਕਿਸਾਨ ਅੰਦੋਲਨ ਦੀ ਅਹਿਮੀਅਤ ਨੂੰ ਜਾਣਦੇ ਹਨ। ਇਸ ਅੰਦੋਲਨ ਦਾ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸਾਨ ਅੰਦੋਲਨ ਲਈ ਬੁਲਾਇਆ ਜਾਵੇਗਾ, ਉਹ ਨੰਗੇ ਪੈਰੀਂ ਜਾਣਗੇ ਅਤੇ ਉਨ੍ਹਾਂ ਤੋਂ ਕਿਸਾਨ ਮੋਰਚੇ ਸਬੰਧੀ ਸਟੇਟ ਲਈ ਸੁਝਾਅ ਮੰਗੇ ਜਾਣਗੇ।

Leave a Reply

Your email address will not be published. Required fields are marked *