ਨਵੀਂ ਦਿੱਲੀ, 29 ਨਵੰਬਰ
ਸੁਪਰੀਮ ਕੋਰਟ ਨੇ ਅਦਾਲਤ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਲਈ ਕੌਲਿਜੀਅਮ ਵੱਲੋਂ ਸਿਫ਼ਾਰਸ਼ ਕੀਤੇ ਨਾਵਾਂ ਨੂੰ ਕੇੇਂਦਰ ਵੱਲੋਂ ਹਰੀ ਝੰਡੀ ਦੇਣ ਵਿੱਚ ਕੀਤੀ ਬੇਲੋੜੀ ਦੇਰੀ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਵੱਲੋਂ ਕੀਤੀ ਜਾਂਦੀ ਦੇਰੀ ਨਿਯੁਕਤੀਆਂ ਦੇ ਢੰਗ-ਤਰੀਕੇ ਨੂੰ ‘ਪ੍ਰਭਾਵਸ਼ਾਲੀ ਤਰੀਕੇ ਨਾਲ ਨਾਕਾਮ’ ਕਰਦੀ ਹੈ।ਅਦਾਲਤ ਨੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ ਕਿ ਜੇਕਰ ਕੌਲਿਜੀਅਮ ਨੂੰ ਲੱਗਦਾ ਹੈ ਕਿ ਸਰਕਾਰ ਉਸ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਨੂੰ ਜਾਣਬੁੱਝ ਕੇ ਦੱਬੀ ਬੈਠੀ ਹੈ ਤਾਂ ਜੱਜਾਂ ਦਾ ਸਮੂਹ ਨਿਯੁਕਤੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ। ਜਸਟਿਸ ਐੱਸ.ਕੇ.ਕੌਲ ਤੇ ਜਸਟਿਸ ਏ.ਐੱਸ.ਓਕਾ ਦੇ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਨਿਯੁਕਤੀ ਦੇ ਅਮਲ ਨੂੰ ਪੂਰਾ ਕਰਨ ਲਈ ਸਮਾਂ-ਸੀਮਾਵਾਂ ਨਿਰਧਾਰਿਤ ਕੀਤੀਆਂ ਹਨ, ਜਿਨ੍ਹਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ। ਜਸਟਿਸ ਕੌਲ ਨੇ ਕਿਹਾ ਕਿ ਸਰਕਾਰ ਸ਼ਾਇਦ ਇਸ ਤੱਥ ਤੋਂ ਨਾਖ਼ੁਸ਼ ਹੈ ਕਿ ਕੌਮੀ ਨਿਆਂਇਕ ਨਿਯੁਕਤੀ ਕਮਿਸ਼ਨ (ਐੱਨਜੇਏਸੀ) ਐਕਟ ਪਾਸ ਨਹੀਂ ਹੋ ਸਕਿਆ, ਪਰ ਇਹ ਨਿਰਧਾਰਿਤ ਕਾਨੂੰਨ ਦੀ ਪਾਲਣਾ ਨਾ ਕੀਤੇ ਜਾਣ ਦੀ ਵਜ੍ਹਾ ਨਹੀਂ ਹੋ ਸਕਦੀ। ਜਸਟਿਸ ਐੱਸ.ਕੇ.ਕੌਲ ਦੀ ਅਗਵਾਈ ਵਾਲੇ ਬੈਂਚ ਨੇ ਅਟਾਰਨੀ ਜਨਰਲ ਆਰ.ਵੈਂਕਟਰਮਾਨੀ ਨੂੰ ਕਿਹਾ, ‘‘ਨਾਵਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ। ਸਿਸਟਮ ਕੰਮ ਕਿਵੇਂ ਕਰੇਗਾ?’’ ਬੈਂਚ ਨੇ ਕਿਹਾ, ‘‘ਇੰਜ ਲੱਗਦਾ ਹੈ ਕਿ ਸਰਕਾਰ ਕੌਮੀ ਨਿਆਂਇਕ ਨਿਯੁਕਤੀ ਕਮਿਸ਼ਨ (ਐੱਨਜੇਏਸੀ) ਦਾ ਸੰਵਿਧਾਨਕ ਅੜਿੱਕਾ ਪਾਸ ਨਾ ਕਰਨ ਤੋਂ ਨਾਖ਼ੁਸ਼ ਹੈ…ਹਾਲਾਤ ਅਜਿਹੇ ਨਹੀਂ ਹਨ ਕਿ ਤੁਸੀਂ ਨਾਵਾਂ ਨੂੰ ਇੰਨਾ ਲੰਮਾ ਸਮਾਂ ਲਮਕਾਈ ਰੱਖੋ।’’ ਕੇਂਦਰੀ ਕਾਨੂੰਨ ਮੰਤਰੀ ਦੇ ਬਿਆਨ ਵੱਲ ਧਿਆਨ ਦਿਵਾਉਣ ’ਤੇ ਬੈਂਚ ਨੇ ਕਿਹਾ ਕਿ ਉਸ ਨੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਬਿਆਨ ਨੂੰ ਨਜ਼ਰਅੰਦਾਜ਼ ਕਰਨ ਦਾ ਫੈਸਲਾ ਕੀਤਾ ਹੈ। ਜਸਟਿਸ ਕੌਲ ਨੇ ਅਟਾਰਨੀ ਜਨਰਲ ਨੂੰ ਕਿਹਾ, ‘‘ਸਮਾਂ-ਸੀਮਾਵਾਂ ਨਿਰਧਾਰਿਤ ਹਨ…ਤੁਹਾਨੂੰ ਇਸ ਦੀ ਪਾਲਣਾ ਕਰਨੀ ਹੋਵੇਗੀ…ਕਈ ਕੇਸ ਬਕਾਇਆ ਪੲੇ ਹਨ। ਚੰਗੇ ਲੋਕਾਂ ਨੂੰ ਬੈਂਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਜਦੋਂ ਤੱਕ ਕੋਈ ਅਪਵਾਦ ਨਹੀਂ, ਨਿਰਧਾਰਿਤ ਮਿਆਦ ਦੀ ਪਾਲਣਾ ਯਕੀਨੀ ਬਣਾਈ ਜਾਵੇ। ਬਹੁਤੇ ਨਾਵਾਂ ਦੀ ਸਿਫਾਰਸ਼ ਕੀਤੇ ਨੂੰ ਚਾਰ ਮਹੀਨੇ ਲੰਘ ਚੁੱਕੇ ਹਨ, ਪਰ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ।’’ਸਿਖਰਲੀ ਕੋਰਟ ਨੇ ਨਿਆਂਇਕ ਨਿਯੁਕਤੀਆਂ ਦੀ ਸਿਫ਼ਾਰਸ਼ ਵਾਲੀ ਫਾਈਲ ਕੇਂਦਰ ਸਰਕਾਰ ਵੱਲੋਂ ਦੱਬੀ ਰੱਖਣ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਅਟਾਰਨੀ ਜਨਰਲ ਵੈਂਕਟਰਮਾਨੀ ਤੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਰਕਾਰ ਕਾਨੂੰਨ ਦੀ ਪਾਲਣਾ ਕਰੇ ਅਤੇ ਨਿਆਂਇਕ ਅਸਾਮੀਆਂ ਭਰਨ ਦੇ ਅਮਲ ਵਿੱਚ ਤੇਜ਼ੀ ਲਿਆਵੇ। ਜਸਟਿਸ ਕੌਲ ਨੇ ਕਿਹਾ, ‘‘ਕਦੇ ਕਦੇ ਤੁਸੀਂ (ਕੇਂਦਰ) ਜਦੋਂ ਨਿਯੁਕਤੀਆਂ ਕਰਦੇ ਹੋ, ਤੁਸੀਂ ਸੂਚੀ ਵਿੱਚੋਂ ਇਕ ਨਾਂ ਚੁੱਕਦੇ ਹੋ ਤੇ ਹੋਰਨਾਂ ਨੂੰ ਛੱਡ ਦਿੰਦੇ ਹੋ। ਤੁਸੀਂ ਜੋ ਕਰਦੇ ਹੋ, ਉਸ ਨਾਲ ਸੀਨੀਆਰਤਾ ਭੰਗ ਹੋ ਜਾਂਦੀ ਹੈ। ਕੌਲਿਜੀਅਮ ਜਦੋਂ ਕੋਈ ਫੈਸਲਾ ਲੈਂਦਾ ਹੈ ਤਾਂ ਇਹ ਸੀਨੀਆਰਤਾ ਸਣੇ ਕਈ ਕਾਰਕਾਂ ’ਤੇ ਗੌਰ ਕਰਦਾ ਹੈ।’’