ਜ਼ੀਰਕਪੁਰ : ਜ਼ੀਰਕਪੁਰ ਦੇ ਬਲਟਾਣਾ ਦੀ ਏਕਤਾ ਵਿਹਾਰ ਕਾਲੋਨੀ ‘ਚ 35 ਸਾਲਾ ਪਰਵਾਸੀ ਔਰਤ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਤੀ ਅਤੇ ਸੱਸ ਨੇ ਕਤਲ ਦਾ ਦੋਸ਼ ਗੁਆਂਢੀਆਂ ‘ਤੇ ਲਾਇਆ ਸੀ ਅਤੇ ਗੁਆਂਢੀ ਪਰਿਵਾਰ ਅਜੇ ਫ਼ਰਾਰ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਗਾਇਤਰੀ ਪਤਨੀ ਬਹਾਦਰ ਵੱਜੋਂ ਹੋਈ ਹੈ। ਬਹਾਦਰ ਆਪਣੀ ਪਤਨੀ ਗਾਇਤਰੀ ਅਤੇ ਮਾਂ ਰਾਜੇਸ਼ਵਰੀ ਨਾਲ ਏਕਤਾ ਵਿਹਾਰ ਕਾਲੋਨੀ ‘ਚ ਕਿਰਾਏ ‘ਤੇ ਰਹਿੰਦਾ ਹੈ। ਮ੍ਰਿਤਕਾ ਦੀ ਸੱਸ ਰਾਜੇਸ਼ਵਰੀ ਨੇ ਦੱਸਿਆ ਕਿ ਉਹ ਬੀਤੇ ਦਿਨ ਨੂੰਹ ਗਾਇਤਰੀ ਨੂੰ ਘਰ ਛੱਡ ਕੇ ਕੰਮ ‘ਤੇ ਚਲੀ ਗਈ ਸੀ।
ਇਸ ਦੌਰਾਨ ਉਸ ਦੇ ਪੁੱਤਰ ਬਹਾਦਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗਾਇਤਰੀ ਕਾਫ਼ੀ ਸਮੇਂ ਤੋਂ ਫੋਨ ਨਹੀਂ ਚੁੱਕ ਰਹੀ ਹੈ। ਜਦੋਂ ਬਹਾਦਰ ਘਰ ਆਇਆ ਤਾਂ ਕਮਰਾ ਬਾਹਰੋਂ ਬੰਦ ਸੀ। ਜਦੋਂ ਉਸ ਨੇ ਆਪਣੇ ਕਮਰੇ ਦਾ ਤਾਲਾ ਤੋੜਿਆ ਤਾਂ ਅੰਦਰ ਗਾਇਤਰੀ ਦੀ ਲਾਸ਼ ਪਈ ਸੀ, ਜਿਸ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਮੌਕੇ ‘ਤੇ ਪੁੱਜੀ।
ਮ੍ਰਿਤਕਾ ਦੇ ਪਤੀ ਬਹਾਦਰ ਨੇ ਸ਼ੱਕ ਜ਼ਾਹਰ ਕੀਤਾ ਕਿ ਉਸ ਦੇ ਗੁਆਂਢ ‘ਚ ਰਹਿੰਦੇ ਪਵਨ ਨੇ ਉਸ ਦੀ ਪਤਨੀ ਦਾ ਕਤਲ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਕਰੀਬ 15 ਮਿੰਟ ਬਾਅਦ ਹੀ ਪਵਨ ਆਪਣੀ ਪਤਨੀ ਸਲੋਨੀ ਅਤੇ ਆਪਣੀ 4 ਮਹੀਨੇ ਦੀ ਬੱਚੀ ਨੂੰ ਲੈ ਕੇ ਫ਼ਰਾਰ ਹੋ ਗਿਆ ਹੈ ਅਤੇ ਉਸ ਦਾ ਮੋਬਾਇਲ ਵੀ ਸਵਿੱਚ ਆਫ਼ ਆ ਰਿਹਾ ਹੈ। ਫਿਲਹਾਲ ਪੁਲਸ ਪਵਨ ਦੀ ਭਾਲ ‘ਚ ਜੁੱਟ ਗਈ ਹੈ ਅਤੇ ਟੀਮ ਨੂੰ ਦੋਸ਼ੀ ਦੀ ਭਾਲ ਲਈ ਭੇਜ ਦਿੱਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।