ਲੁਧਿਆਣਾ ‘ਚ 2 ਘੰਟੇ ਬੰਦ ਰਿਹਾ ਬੱਸ ਅੱਡਾ, ਤਸਵੀਰਾਂ ‘ਚ ਦੇਖੋ ਕਿਹੋ ਜਿਹੇ ਬਣ ਗਏ ਹਾਲਾਤ

ਲੁਧਿਆਣਾ – ਪੰਜਾਬ ਰੋਡਵੇਜ਼ ਬੱਸ ਕਾਂਟਰੈਕਟ ਵਰਕਰ ਯੂਨੀਅਨ ਨੇ ਆਪਣੇ ਸਾਥੀ ਕੰਡਕਟਰ ਦੀ ਚੈਕਿੰਗ ਸਟਾਫ਼ ਵੱਲੋਂ ਨਾਜਾਇਜ਼ ਰਿਪੋਰਟ ਕਰਕੇ ਮੁਅੱਤਲ ਕਰਨ ਦੇ ਮਾਮਲੇ ‘ਚ ਮੁਲਾਜ਼ਮਾਂ ਨੇ 2 ਘੰਟਿਆਂ ਲਈ ਬੱਸ ਅੱਡਾ ਬੰਦ ਰੱਖਿਆ। ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਬੱਸ ਅੱਡਾ ਬੰਦ ਰਹਿਣ ਦੌਰਾਨ ਯਾਤਰੀਆਂ ‘ਚ ਹਫੜਾ-ਦਫੜੀ ਮਚ ਗਈ, ਜਿਸ ਕਾਰਨ ਬੱਸ ਅੱਡੇ ਦੇ ਬਾਹਰ ਰੋਡ ‘ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ।
ਪੁਲਸ ਨੇ ਬੰਦ ਆਵਾਜਾਈ ਨੂੰ ਖੋਲ੍ਹਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਵੜੈਚ, ਸਤਨਾਮ ਸਿੰਘ ਸੱਤਾ, ਸੁਖਦੇਵ ਸਿੰਘ ਚੁੰਨੀ, ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੇ ਸਾਥੀ ਨੂੰ ਟਰਾਂਸਪੋਰਟ ਵਿਭਾਗ ਬਹਾਲ ਨਹੀਂ ਕਰਦਾ, ਉਦੋਂ ਤੱਕ ਬੱਸਾਂ ਦਾ ਚੱਕਾ ਜਾਮ ਅਤੇ ਧਰਨਾ-ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਟਰਾਂਸਪੋਰਟ ਡਾਇਰੈਕਟਰ ਦੀ ਹੋਵੇਗੀ।
ਇਸ ਧਰਨੇ-ਪ੍ਰਦਰਸ਼ਨ ਦੌਰਾਨ ਜਿਹੜੇ ਯਾਤਰੀ ਬੱਸ ਅੱਡੇ ਅੰਦਰ ਮੌਜੂਦ ਸਨ, ਉਨ੍ਹਾਂ ਨੂੰ ਬਾਹਰ ਨਿਕਲਣਾ ਪਿਆ ਕਿਉਂਕਿ 2 ਘੰਟੇ ਬੱਸ ਅੱਡਾ ਬੰਦ ਰਹਿਣ ਕਾਰਨ ਕਿਸੇ ਵੀ ਬੱਸ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਅਤੇ ਨਾ ਹੀ ਬਾਹਰ ਜਾਣ ਦਿੱਤਾ ਗਿਆ। ਇਸ ਕਾਰਨ ਜਾਮ ਵਰਗੇ ਹਾਲਾਤ ਪੈਦਾ ਹੋ ਗਏ।

ਜਾਣੋ ਕੀ ਹੈ ਪੂਰਾ ਮਾਮਲਾ
ਅਸਲ ‘ਚ ਰੋਪੜ ਦੇ ਚੈਕਿੰਗ ਸਟਾਫ਼ ਵੱਲੋਂ ਕੰਡਕਟਰ ਪ੍ਰਿਥੀਪਾਲ ਦੀ ਨਾਜਾਇਜ਼ ਰਿਪੋਰਟ ਬਣਾ ਕੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ, ਜਦੋਂ ਕਿ ਬੱਸ ‘ਚ ਬੈਠੀ ਸਵਾਰੀ ਨੇ ਟਿਕਟ ਨਹੀਂ ਲਈ ਸੀ।
ਇਸ ਦੇ ਏਵਜ਼ ‘ਚ ਯਾਤਰੀ ਕੋਲ ਟਿਕਟ ਨਾ ਹੋਣ ‘ਤੇ ਉਸ ਤੋਂ 10 ਗੁਣਾ ਜੁਰਮਾਨਾ ਵੀ ਵਸੂਲਿਆ ਗਿਆ, ਫਿਰ ਵੀ ਚੈਕਿੰਗ ਸਟਾਫ਼ ਦੇ ਇੰਸਪੈਕਟਰ ਨੇ ਗਲਤ ਢੰਗ ਨਾਲ ਕਾਰਵਾਈ ਕਰਦੇ ਹੋਏ ਕੰਡਕਟਰ ‘ਤੇ ਕਾਰਵਾਈ ਕਰ ਦਿੱਤੀ। ਇਸ ਦੇ ਕਾਰਨ ਪਨਬੱਸ ਮੁਲਾਜ਼ਮਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *