ਸਪੋਰਟਸ ਡੈਸਕ : ਅੱਜ ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਸਿਡਨੀ ਕ੍ਰਿਕਟ ਗਰਾਊਂਡ ‘ਤੇ ਨਿਊਜ਼ੀਲੈਂਡ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ। ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ।ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤ ਲਈ 153 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ ਕੁੱਲ 153 ਦੌੜਾਂ ਬਣਾਈਆਂ ਤੇ ਮੈਚ ਨੂੰ 7 ਵਿਕਟਾਂ ਨਾਲ ਜਿੱਤ ਲਿਆ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਮੈਚ ਦੀ ਸ਼ੁਰੂਆਤ ‘ਚ ਉਸ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸਲਾਮੀ ਬੱਲੇਬਾਜ਼ ਫਿਲ ਐਲੇਨ ਸਿਰਫ਼ 4 ਦੌੜਾਂ ਦੇ ਨਿੱਜੀ ਸਕੋਰ ‘ਤੇ ਸ਼ਾਹੀਨ ਸ਼ਾਹ ਅਫਰੀਦੀ ਵਲੋਂ ਐਲ. ਬੀ. ਡਬਲਯੂ. ਆਊਟ ਹੋਇਆ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਡੇਵੋਨ ਕੌਨਵੇ ਦੇ ਆਊਟ ਹੋਣ ਨਾਲ ਲੱਗਾ। ਕੌਨਵੇ 21 ਦੌੜਾਂ ਦੇ ਨਿੱਜੀ ਸਕੋਰ ‘ਤੇ ਸ਼ਾਦਾਬ ਖ਼ਾਨ ਵਲੋਂ ਰਨ ਆਊਟ ਹੋਇਆ। ਨਿਊਜ਼ੀਲੈਂਡ ਦੀ ਤੀਜੀ ਵਿਕਟ ਗਲੇਨ ਫਿਲੀਪਸ ਦੇ ਤੌਰ ‘ਤੇ ਡਿੱਗੀ। ਫਿਲੀਪਸ 6 ਦੌੜਾਂ ਦੇ ਨਿੱਜੀ ਸਕੋਰ ‘ਤੇ ਨਵਾਜ਼ ਵਲੋਂ ਆਊਟ ਕੀਤਾ ਗਿਆ। ਨਿਊਜ਼ੀਲੈਂਡ ਦੀ ਚੌਥੀ ਵਿਕਟ ਕਪਤਾਨ ਕੇਨ ਵਿਲੀਅਮਸਨ ਦੇ ਤੌਰ ‘ਤੇ ਡਿੱਗੀ। ਵਿਲੀਅਮਸਨ 46 ਦੌੜਾਂ ਦੇ ਨਿੱਜੀ ਸਕੋਰ ‘ਤੇ ਸ਼ਾਹੀਨ ਅਫਰੀਦੀ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਡਾਰਲੀ ਮਿਸ਼ੇਲ 53 ਦੌੜਾਂ ਤੇ ਜੇਮਸ ਨੀਸ਼ਮ 16 ਦੌੜਾਂ ਬਣਾ ਅਜੇਤੂ ਰਹੇ। ਪਾਕਿਸਤਾਨ ਵਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ 2 ਤੇ ਮੁਹੰਮਦ ਨਵਾਜ਼ ਨੇ 1 ਵਿਕਟ ਲਈ।
ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਵਲੋਂ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਦੋਵੇਂ ਖਿਡਾਰੀਆਂ ਨੇ ਜ਼ਬਰਦਸਤ ਫਾਰਮ ਦਾ ਮੁਜ਼ਾਹਰਾ ਕਰਦੇ ਹੋਏ ਮੈਦਾਨ ‘ਤੇ ਦੌੜਾਂ ਦੀ ਝੜੀ ਲਾ ਦਿੱਤੀ ਪਰ ਇਸ ਦੌਰਾਨ ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ 7 ਚੌਕਿਆਂ ਦੀ ਮਦਦ ਨਾਲ 53 ਦੌੜਾਂ ਦੇ ਨਿੱਜੀ ਸਕੋਰ ‘ਤੇ ਬੋਲਟ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਮੁਹੰਮਦ ਰਿਜ਼ਵਾਨ 57 ਦੌੜਾਂ ਤੇ ਮੁਹੰਮਦ ਹਾਰਿਸ 30 ਦੌੜਾਂ ਬਣਾ ਆਊਣ ਹੋਏ। ਨਿਊਜ਼ੀਲੈਂਡ ਵਲੋਂ ਟ੍ਰੇਂਟ ਬੋਲਟ ਨੇ 2 ਤੇ ਮਿਸ਼ੇਲ ਸੈਂਟਨਰ ਨੇ 1 ਵਿਕਟ ਲਈ।