ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜੇ ਨਗਰ ਕੀਰਤਨ ਦੌਰਾਨ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦਾ ਸੱਦਾ


ਮਨੁੱਖ਼ ਦੀ ਕੁਦਰਤ ਨਾਲੋਂ ਸਾਂਝ ਟੁੱਟਣ ਨਾਲ ਹੀ ਵਿਗੜਿਆ ਵਾਤਾਵਰਣ ਦਾ ਤਾਣਾ-ਬਾਣਾ:- ਸੰਤ ਸੀਚੇਵਾਲ
ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੰਦਿਆਂ ਤਿੰਨ ਨਗਰ ਕੀਰਤਨਾਂ ਦੌਰਾਨ ਵੰਡੇ 15000 ਬੂਟੇ


ਸੁਲਤਨਾਪੁਰ ਲੋਧੀ –
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜੇ ਨਗਰ ਕੀਰਤਨ ਵਿਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦਾ ਸੱਦਾ ਦਿੱਤਾ। ਨਿਰਮਲ ਕੁਟੀਆ ਪਵਿੱਤਰ ਵੇਂਈ ਕਿਨਾਰੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਕੱਢੇ ਗਏ ਨਗਰ ਕੀਰਤਨ ਵਿਚ ਸੰਤ ਸੀਚੇਵਾਲ ਨੇ ਵੱਡੇ ਪੱਧਰ ‘ਤੇ ਬੂਟਿਆਂ ਦਾ ਪ੍ਰਸ਼ਾਦ ਵੰਡਿਆ।

ਅੱਜ ਸਵੇਰੇ ਸ਼ੁਰੂ ਹੋਇਆ ਇਹ ਨਗਰ ਕੀਰਤਨ ਵੇਂਈ ਕਿਨਾਰੇ ਤੋਂ ਹੁੰਦਾ ਹੋਇਆ ਸ਼ਹੀਦ ਊਧਮ ਸਿੰਘ ਚੌਂਕ, ਗੁਰਦੁਆਰਾ ਗੁਰੂ ਕਾ ਬਾਗ, ਮਹੁੱਲਾ ਸਿੱਖਾਂ, ਗੁਰਦੁਆਰਾ ਬੇਬੇ ਨਾਨਕੀ ਦਾ ਘਰ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਬੇਰ ਸਾਹਿਬ ਤੋਂ ਹੁੰਦਾ ਹੋਇਆ ਮੁੜ ਪਵਿੱਤਰ ਵੇਈਂ ਦੇ ਕੰਢੇ-ਕੰਢੇ ਨਿਰਮਲ ਕੁਟੀਆ ਵਿਖੇ ਸੰਪੰਨ ਹੋਇਆ।


ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਜਿੱਥੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਦੇ ਗੁਣਗਾਣ ਕੀਤੇ ਗਏ ਉੱਥੇ ਉਹਨਾਂ ਨੇ ਗੁਰਬਾਣੀ ਦੇ ਹਵਾਲਾ ਦਿੰਦਿਆ ਮਨੱੁਖ ਨੂੰ ਕੁਦਰਤ ਨਾਲ ਸਾਂਝ ਨੂੰ ਮਜ਼ਬੂਤ ਕਰਨ ਦੀਆਂ ਅਪੀਲਾਂ ਕੀਤੀਆਂ। ਉਹਨਾਂ ਨੇ ਵੱਡੀ ਗਿਣਤੀ ਵਿਚ ਨਗਰ ਕੀਰਤਨ ਦੌਰਾਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਮਨੱੁਖ ਦੀ ਕੁਦਰਤ ਨਾਲੋਂ ਸਾਂਝ ਟੁੱਟਣ ਨਾਲ ਹੀ ਵਾਤਾਵਰਣ ਵਿਚ ਵੱਡਾ ਵਿਗਾੜ ਆਇਆ ਜਿਸ ਕਾਰਨ ਆਲਮੀ ਤਪਸ਼ ਵਧੀ ਹੈ। ਉਹਨਾਂ ਦੱਸਿਆ ਕਿ ਹਵਾ ਪਾਣੀ ਤੇ ਧਰਤੀ ਦੇ ਪ੍ਰਦੂਸ਼ਿਤ ਹੋਣ ਨਾਲ ਲੋਕਾਂ ਦੀ ਸਿਹਤ ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਗੰਧਲੇ ਵਾਤਾਵਰਣ ਨੂੰ ਵੱਡੇ ਪੱਧਰ ਤੇ ਬੂਟੇ ਲਗਾ ਕੇ ਸੁਧਾਰਿਆ ਜਾ ਸਕਦਾ ਹੈ। ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੰਦਿਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹਨਾਂ 3 ਨਗਰ ਕੀਰਤਨਾਂ ਦੌਰਾਨ 15000 ਦੇ ਕਰੀਬ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ।


ਇਤਿਹਾਸਿਕ ਗੁਰਦੁਆਰਿਆਂ ਅਤੇ ਬਾਬਾ ਬੁੱਢਾ ਦਲ ਤੇ ਬਾਬਾ ਬਿਧੀ ਚੰਦ ਸੰੰਪਰਦਾ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਹਨਾਂ ਨਿਹੰਗ ਜੱਥੇਬੰਦੀਆਂ ਦੇ ਆਗੂਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਿਰਪਾਓ ਭੇਂਟ ਕੀਤਾ ਗਿਆ। ਨਗਰ ਕੀਰਤਨ ਦੇ ਅੱਗੇ-ਅੱਗੇ ਗੱਤਕਾ ਅਖਾੜਾ ਦੇ ਖਿਡਾਰੀਆਂ ਵੱਲੋ ਗੱਤਕੇ ਦੇ ਜੌਹਰ ਦਿਖਾਏ ਗਏ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ਼ ਅਤੇ ਕਾਲਜ਼ ਦੇ ਬੱਚਿਆਂ ਵੱਲੋਂ ਜਿੱਥੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ ਉੱਥੇ ਉਹਨਾਂ ਨੇ ਹੱਥਾਂ ਵਿਚ ਤਖਤੀ ਫੜ ਕੇ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੱਤਾ।

ਇਸ ਮੌਕੇ ਨਿਰਮਲ ਕੁਟੀਆ ਸੀਚੇਵਾਲ ਦੇ ਹਜ਼ੂਰੀ ਰਾਗੀ ਭਾਈ ਤਜਿੰਦਰ ਸਿੰਘ ਦੇ ਜੱਥੇ ਵੱਲੋਂ ਨਗਰ ਕੀਰਤਨ ਦੌਰਾਨ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੈਫਲਾਬਾਦ ਤੋਂ ਗੁਰਦੁਆਰਾ ਗੁਰਸਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਲੀਡਰ ਸਿੰਘ ਜੀ, ਗੁਰਦੁਆਰਾ ਟਾਹਲੀ ਸਾਹਿਬ ਤੋਂ ਸੇਵਾਦਾਰ ਬਾਬਾ ਸੁੱਖਾ ਸਿੰਘ ਅਤੇ ਸੰਤ ਸੁਖਜੀਤ ਸਿੰਘ ਸੀਚੇਵਾਲ ਤੋਂ ਇਲਾਵਾ ਹੋਰ ਸੰਤ ਮਹਾਪੁਰਸ਼ ਵੀ ਸ਼ਾਮਿਲ ਹੋਏ। ਨਗਰ ਕੀਰਤਨ ਦੀ ਸਮਾਪਤੀ ਦੌਰਾਨ ਸੇਵਾਦਾਰਾਂ ਦਾ ਸੰਤ ਸੀਚੇਵਾਲ ਵੱਲੋਂ ਸਨਮਾਨ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਵੇਂਈ ਕਿਨਾਰੇ ਕੀਤੀ ਗਈ ਦੀਪਮਾਲਾ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ ।

Leave a Reply

Your email address will not be published. Required fields are marked *