ਮੈਨਚੇਸਟਰ, 21 ਜੁਲਾਈ (ਦਲਜੀਤ ਸਿੰਘ)- ਸਲਾਮੀ ਬੱਲੇਬਾਜ਼ ਜੇਸਨ ਰਾਏ (64) ਅਤੇ ਕਪਤਾਨ ਇਯੋਨ ਮੋਰਗਨ ਦੀਆਂ ਆਤਿਸ਼ੀ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ’ਚ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਇਹ ਸੀਰੀਜ਼ 2-1 ਨਾਲ ਜਿੱਤ ਲਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ’ਚ 6 ਵਿਕਟਾਂ ਗਵਾ ਕੇ 154 ਦੌੜਾਂ ਬਣਾਈਆਂ। ਜਵਾਬ ’ਚ ਇੰਗਲੈਂਡ ਨੇ ਰਾਏ ਅਤੇ ਮੋਰਗਨ ਦੀ ਆਤਿਸ਼ੀ ਪਾਰੀ ਦੀ ਬਦੌਲਤ ਮੈਚ ਦੀਆਂ 2 ਗੇਂਦਾਂ ਬਾਕੀ ਰਹਿੰਦੇ ਹੋਏ 7 ਵਿਕਟਾਂ ਗਵਾ ਕੇ 155 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ।
ਕਪਤਾਨ ਮੋਰਗਨ ਨੇ ਇਕ ਚੌਕੇ ਅਤੇ 2 ਛੱਕਿਆਂ ਦੀ ਬਦੌਲਤ 12 ਗੇਂਦਾਂ ’ਤੇ 21 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। ਆਦਿਲ ਰਾਸ਼ਿਦ ਨੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕੀਤੀ ਅਤੇ 35 ਦੌੜਾਂ ‘ਤੇ ਚਾਰ ਵਿਕਟਾਂ ਹਾਸਲ ਕੀਤੀਆਂ।