ਵਿਧਾਇਕਾਂ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਭਗਤਾ ਭਾਈ, 27 ਅਕਤੂਬਰ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਇਕਾਈਆਂ ਸਬੰਧੀ ਉੱਚ ਪੱਧਰੀ ਕਮੇਟੀ ਵੱਲੋਂ ਅਰਬਨ ਯੋਜਨਾ ਤਹਿਤ ਬਲਾਕ ਭਗਤਾ ਭਾਈ ਦੇ ਕਲੱਸਟਰ ਜਲਾਲ ਦੇ ਵੱਖ ਵੱਖ ਪਿੰਡਾਂ ‘ਚ ਕੀਤੇ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਅਤੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਾਲੀ ਇਸ ਕਮੇਟੀ ’ਚ ਵਿਧਾਇਕਾ ਇੰਦਰਜੀਤ ਕੌਰ ਮਾਨ, ਵਿਧਾਇਕਾ ਰਾਜਿੰਦਰ ਪਾਲ ਕੌਰ, ਵਿਧਾਇਕਾ ਡਾ. ਅਮਨਦੀਪ ਕੌਰ, ਵਿਧਾਇਕ ਮਾ. ਜਗਸੀਰ ਸਿੰਘ ਅਤੇ ਵਿਧਾਨ ਸਭਾ ਦੇ ਆਡੀਟਰ ਡੀਬੇਟ ਗੁਰਕੀਰਤ ਸਿੰਘ ਸ਼ਾਮਲ ਸਨ। ਟੀਮ ਨੇ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤੇ ਆਰ. ਅਰਬਨ ਵਲੋਂ ਸਾਂਝੇ ਤੌਰ ’ਤੇ ਪਿੰਡ ਆਕਲੀਆ ਜਲਾਲ ਵਿਖੇ ਸ਼ੁਰੂ ਕੀਤੇ ਗਏ ਅਜੀਵਿਕਾ ਬੇਕਰੀ, ਪਿੰਡ ਭੋਡੀਪੁਰਾ ਵਿਖੇ ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧ, ਦੀ ਭੋਡੀਪੁਰਾ ਦੁੱਧ ਉਤਪਾਦਕ ਸਹਿਕਾਰੀ ਸਭਾ ਤੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਵਲੋਂ ਚਲਾਏ ਜਾ ਰਹੇ ਮਧੂ ਮੱਖੀਆਂ ਦੇ ਕਿੱਤੇ ਦਾ ਜਾਇਜ਼ਾ ਲੈਦਿਆਂ ਉਕਤ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਚੇਅਰਮੈਨ ਖੁੱਡੀਆਂ ਨੇ ਪਿੰਡ ਦਿਆਲਪੁਰਾ ਭਾਈਕਾ ਵਿੱਚ ਔਰਤਾਂ ਵੱਲੋਂ ਚਲਾਏ ਜਾ ਰਹੇ ਮੱਧੂ ਮੱਖੀਆਂ ਦੇ ਕਿੱਤੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਮੌਕੇ ਮਧੂ ਮੱਖੀ ਪਾਲਕ ਔਰਤਾਂ ਵੱਲੋਂ ਆਪਣਾ ਕੰਮ ਵਧਾਉਣ ਲਈ ਕਮੇਟੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਚੇਅਰਮੈਨ ਖੁੱਡੀਆਂ ਨੇ ਪਿੰਡ ਭੋਡੀਪੁਰਾ ਵਿੱਚ ਗੁਰਦੁਆਰਾ ਨੂੰ ਜਾਂਦੇ ਰਸਤੇ ਨੂੰ ਜਲਦ ਪੱਕਾ ਕਰਨ ਦੇ ਅਦੇਸ਼ ਦਿੱਤੇ। ਇਸ ਮੌਕੇ ਏਡੀਸੀ ਵਿਕਾਸ ਡਾ. ਆਰਪੀ ਸਿੰਘ, ਨੀਰੂ ਗਰਗ ਅਫ਼ਸਰ ਪੰਚਾਇਤ ਤੇ ਵਿਕਾਸ ਬਠਿੰਡਾ, ਸੁਖਬੀਰ ਸਿੰਘ ਬਰਾੜ ਤਹਿਸੀਲਦਾਰ ਫੂਲ, ਧਰਮਪਾਲ ਸ਼ਰਮਾ ਬੀਡੀਪੀਓ ਭਗਤਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *