ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਮੁਲਕ ਤਾਇਵਾਨ ਦਾ ਰਲੇਵਾਂ ਕਰਨ ਲਈ ‘ਤਾਕਤ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟੇਗਾ।’ ਸ਼ੀ ਨੇ ਨਾਲ ਹੀ ਦੇਸ਼ ਦੀ ਸੈਨਾ ਦੇ ਆਧੁਨਿਕੀਕਰਨ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ, ਸੁਰੱਖਿਆ ਤੇ ਵਿਕਾਸ ਨਾਲ ਜੁੜੇ ਹਿੱਤਾਂ ਦੀ ਪੂਰਤੀ ਲਈ ਫ਼ੌਜ ਨੂੰ ‘ਸੰਸਾਰ ਪੱਧਰੀ ਮਿਆਰਾਂ’ ਮੁਤਾਬਕ ਤਿਆਰ ਕੀਤਾ ਜਾਵੇਗਾ। ਉਹ ਅੱਜ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਕਾਂਗਰਸ ਨੂੰ ਸੰਬੋਧਨ ਕਰ ਰਹੇ ਸਨ। ਪੰਜ ਸਾਲਾਂ ਵਿਚ ਇਕ ਵਾਰ ਹੁੰਦੇ ਪਾਰਟੀ ਸੰਮੇਲਨ ਦਾ ਅੱਜ ਪਹਿਲਾ ਦਿਨ ਸੀ। ਹਫ਼ਤਾ ਭਰ ਚੱਲਣ ਵਾਲੀ ਕਾਂਗਰਸ ’ਚ ਜਿਨਪਿੰਗ ਨੂੰ ਰਿਕਾਰਡ ਤੀਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਉਮਰ ਭਰ ਲਈ ਇਸ ਅਹੁਦੇ ਉਤੇ ਬਣੇ ਰਹਿਣ ਦੀ ਪ੍ਰਵਾਨਗੀ ਵੀ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਤਾਇਵਾਨ ਆਪਣੀ ਖ਼ੁਦਮੁਖਤਿਆਰੀ ਪ੍ਰਗਟ ਕਰਦਾ ਹੈ ਜਦਕਿ ਚੀਨ ਇਸ ਟਾਪੂ ਨੂੰ ਆਪਣੇ ਨਾਲੋਂ ਟੁੱਟਿਆ ਹੋਇਆ ਹਿੱਸਾ ਮੰਨਦਾ ਹੈ ਤੇ ਰਲੇਵਾਂ ਕਰਨਾ ਚਾਹੁੰਦਾ ਹੈ। ਪੇਈਚਿੰਗ ਨੇ ਇਸ ਰਲੇਵੇਂ ਲਈ ਤਾਕਤ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਹੈ। ਸ਼ੀ ਨੇ ਕਿਹਾ ਕਿ ਉਹ ਤਾਇਵਾਨ ਵਿਚ ਸਾਰੀਆਂ ਵੱਖਵਾਦੀ ਮੁਹਿੰਮਾਂ ਨੂੰ ਰੋਕਣ ਲਈ ਕਦਮ ਚੁੱਕਣਗੇ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਚੀਨ ਪੂਰੀ ਗੰਭੀਰਤਾ ਤੇ ਸਾਰੀਆਂ ਕੋਸ਼ਿਸ਼ਾਂ ਕਰ ਕੇ ਸ਼ਾਂਤੀਪੂਰਨ ਰਲੇਵੇਂ ਨੂੰ ਪਹਿਲ ਦੇਵੇਗਾ। ਜ਼ਿਕਰਯੋਗ ਹੈ ਕਿ ਤਾਇਵਾਨ ਦੇ ਮੁੱਦੇ ’ਤੇ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਬਣਿਆ ਹੋਇਆ ਹੈ। ਕਮਿਊਨਿਸਟ ਪਾਰਟੀ ਦੇ ਚੱਲ ਰਹੇ ਸੰਮੇਲਨ ਦੌਰਾਨ ਸ਼ੀ ਜਿਨਪਿੰਗ ਤੋਂ ਇਲਾਵਾ ਪਾਰਟੀ ਦੇ ਸਾਰੇ ਚੋਟੀ ਦੇ ਆਗੂਆਂ ਨੂੰ ਬਦਲਿਆ ਜਾਵੇਗਾ। ਜਿਨਪਿੰਗ ਤੋਂ ਬਾਅਦ ਦੇ ਚੋਟੀ ਦੇ ਆਗੂ ਪ੍ਰੀਮੀਅਰ ਲੀ ਕੇਕਿਆਂਗ ਨੂੰ ਵੀ ਬਦਲਿਆ ਜਾਵੇਗਾ ਕਿਉਂਕਿ ਸ਼ੀ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਦਸ ਸਾਲ ਦਾ ਕਾਰਜਕਾਲ ਮੁਕੰਮਲ ਕਰ ਲਿਆ ਹੈ। ਹਾਲਾਂਕਿ ਕਾਂਗਰਸ ਸ਼ੀ ਨੂੰ ਅਹੁਦੇ ਉਤੇ ਬਣਾਏ ਰੱਖਣ ਲਈ ਸਹਿਮਤ ਹੋ ਸਕਦੀ ਹੈ। ਜਿਨਪਿੰਗ ਨੂੰ ਪਾਰਟੀ ਮਾਓ-ਜ਼ੇ-ਤੁੰਗ ਦੇ ਬਰਾਬਰ ਗਿਣਦੀ ਹੈ। ਦੱਸਣਯੋਗ ਹੈ ਕਿ ਚੀਨੀ ਰਾਸ਼ਟਰਪਤੀ ਨੂੰ ਵੱਧ ਤੋਂ ਵੱਧ ਦਸ ਸਾਲ ਦਾ ਕਾਰਜਕਾਲ ਮਿਲਦਾ ਰਿਹਾ ਹੈ ਪਰ ਸ਼ੀ ਦੇ ਅਹੁਦੇ ਉਤੇ ਬਣੇ ਰਹਿਣ ਨਾਲ ਤਿੰਨ ਦਹਾਕਿਆਂ ਤੋਂ ਵੱਧ ਪੁਰਾਣੇ ਅਮਲ ਨੂੰ ਤਿਆਗਿਆ ਜਾ ਸਕਦਾ ਹੈ। ਕਾਂਗਰਸ ਦੇ ਪਹਿਲੇ ਦਿਨ ਅੱਜ ਕਈ ਵੱਡੇ ਆਗੂ ਜਿਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਹੂ ਜਿੰਤਾਓ ਤੇ ਸਾਬਕਾ ਪ੍ਰੀਮੀਅਰ ਵੈੱਨ ਜੀਆਬਾਓ ਸ਼ਾਮਲ ਹਨ, ਹਾਜ਼ਰ ਸਨ। -ਪੀਟੀਆਈ
Related Posts
ਝਾਰਖੰਡ ‘ਚ ਵੱਡਾ ਰੇਲ ਹਾਦਸਾ, ਮੁੰਬਈ-ਹਾਵੜਾ ਮੇਲ ਪਟੜੀ ਤੋਂ ਉਤਰੀ, 2 ਯਾਤਰੀ ਦੀ ਮੌਤ, ਕਈ ਜ਼ਖਮੀ
ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ‘ਚ ਮੰਗਲਵਾਰ ਤੜਕੇ ਟ੍ਰੇਨ ਨੰਬਰ 12810 ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਇਸ…
ਕਰਨਾਲ ’ਚ ਪੁਲਸ ਨੇ 4 ਅੱਤਵਾਦੀ ਫੜੇ, ਕਾਰ ’ਚੋਂ ਵੱਡੀ ਮਾਤਰਾ ’ਚ ਅਸਲਾ ਬਰਾਮਦ
ਕਰਨਾਲ, 5 ਮਈ- ਹਰਿਆਣਾ ਪੁਲਸ ਹੱਥ ਅੱਜ ਵੱਡੀ ਸਫ਼ਲਤਾ ਲੱਗੀ ਹੈ। ਪੁਲਸ ਨੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚੋਂ 4 ਅੱਤਵਾਦੀਆਂ…
ਇੰਡੋਨੇਸ਼ੀਆ ਦੀ ਇਕ ਜੇਲ੍ਹ ਵਿਚ ਲੱਗੀ ਭਿਆਨਕ ਅੱਗ, 41 ਕੈਦੀਆਂ ਦੀ ਮੌਤ
ਜਕਾਰਤਾ, 8 ਸਤੰਬਰ (ਦਲਜੀਤ ਸਿੰਘ)- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਕੈਦੀਆਂ ਦੀ ਭੀੜ ਨਾਲ ਭਰੀ ਇਕ ਜੇਲ੍ਹ ਵਿਚ ਭਿਆਨਕ ਅੱਗ…