ਚੰਡੀਗੜ੍ਹ- ਯੂ. ਟੀ. ਪ੍ਰਸ਼ਾਸਨ ਨੇ ਬੰਦ ਥਾਵਾਂ ’ਤੇ ਮਾਸਕ ਲਾਉਣ ਦਾ ਨਿਯਮ ਖ਼ਤਮ ਕਰ ਦਿੱਤਾ ਹੈ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸ਼ੁੱਕਰਵਾਰ ਇਸ ਸਬੰਧੀ ਹੁਕਮ ਜਾਰੀ ਕੀਤੇ। ਹੁਕਮਾਂ ਅਨੁਸਾਰ ਜੇਕਰ ਕੋਈ ਬੰਦ ਥਾਂ ’ਤੇ ਵੀ ਮਾਸਕ ਨਹੀਂ ਪਾਉਂਦਾ ਤਾਂ ਉਸ ਦਾ ਚਲਾਨ ਨਹੀਂ ਕੀਤਾ ਜਾਵੇਗਾ। ਯੂ. ਟੀ. ਪ੍ਰਸ਼ਾਸਨ ਨੇ 25 ਅਪ੍ਰੈਲ ਨੂੰ ਇਕ ਹੁਕਮ ਜਾਰੀ ਕਰ ਕੇ ਜਨਤਕ ਟਰਾਂਸਪੋਰਟ, ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ, ਦੁਕਾਨਾਂ, ਵਿੱਦਿਅਕ ਸੰਸਥਾਵਾਂ, ਸਕੂਲਾਂ, ਕਾਲਜਾਂ, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿਚ ਮਾਸਕ ਪਾਉਣਾ ਲਾਜ਼ਮੀ ਕੀਤਾ ਸੀ। ਮਾਸਕ ਨਾ ਪਾਉਣ ’ਤੇ 500 ਰੁਪਏ ਦਾ ਚਲਾਨ ਕੱਟਣ ਦੀ ਵਿਵਸਥਾ ਸੀ।
ਇਹ ਨਿਯਮ ਸ਼ੁੱਕਰਵਾਰ ਸਾਮ ਤੱਕ ਸ਼ਹਿਰ ਵਿਚ ਲਾਗੂ ਸਨ। ਸ਼ਾਮ ਨੂੰ ਸਲਾਹਕਾਰ ਧਰਮਪਾਲ ਨੇ ਹੁਕਮ ਜਾਰੀ ਕਰ ਕੇ ਇਸ ਨੂੰ ਖ਼ਤਮ ਕਰ ਦਿੱਤਾ। ਸ਼ਹਿਰ ਵਿਚ ਕੋਰੋਨਾ ਦੇ ਘੱਟਦੇ ਮਾਮਲਿਆਂ ਨੂੰ ਦੇਖਦਿਆਂ ਹੀ ਇਹ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਹੁਕਮ ਵਿਚ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਰੋਨਾ ਤੋਂ ਬਚਣ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਟੀਕਾਕਰਨ ਜ਼ਰੂਰ ਕਰਵਾਉਣ।