ਪਟਿਆਲਾ – ਪਾਵਰਕਾਮ ’ਚ ਆਪਣੀਆਂ ਨੌਕਰੀਆਂ ਲੈਣ ਲਈ ਜੂਝ ਰਹੇ ਅਪ੍ਰੈਂਟਿਸਸ਼ਿਪ ਲਾਈਨਮੈਨਾਂ (ਬੇਰੋਜ਼ਗਾਰ) ਨੇ ਸੋਮਵਾਰ ਨੂੰ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਸੰਗਰੂਰ-ਪਟਿਆਲਾ ਰੋਡ ਜਾਮ ਕਰ ਦਿੱਤਾ ਅਤੇ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦਾ ਪੁਤਲਾ ਤਿੱਖੀ ਨਾਅਰੇਬਾਜ਼ੀ ਦੌਰਾਨ ਸਾੜਿਆ। ਇਨ੍ਹਾਂ ਅਪ੍ਰੈਂਟਿਸਸ਼ਿਪ ਲਾਈਨਮੈਨਾਂ ਦਾ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨਾ 62ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਇਨ੍ਹਾਂ ਦੇ 6 ਸਾਥੀ ਪਿੰਡ ਭੇਡਪੂਰਾ ਕੋਲ 400 ਕੇ. ਵੀ. ਹਾਈ ਵੋਲਟੇਜ਼ ਬਿਜਲੀ ਲਾਈਨ ਦੇ ਟਾਵਰ ਉੱਪਰ ਸੱਤਵੇਂ ਦਿਨ ਵੀ ਡਟੇ ਹੋਏ ਹਨ। ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਿਨਾਂ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ਼ ਡਟ ਕੇ ਨਾਅਰੇਬਾਜ਼ੀ ਕਰ ਰਹੇ ਹਨ।
ਇਸ ਮੌਕੇ ਯੂਨੀਅਨ ਦੇ ਨੇਤਾ ਪਵਿੱਤਰ ਸਿੰਘ ਨੇ ਆਖਿਆ ਕਿ ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ ਦੀ ਮੰਗ ਹੈ ਕਿ ਪੇਪਰ ਰੱਦ ਕਰ ਕੇ ਪਹਿਲਾਂ ਦੀ ਤਰ੍ਹਾਂ ਮੈਰਿਟ ਦੇ ਅਧਾਰ ’ਤੇ ਨਵੀਂ ਭਰਤੀ ਕੀਤੀ ਜਾਵੇ। ਜਦੋਂ ਉਨ੍ਹਾਂ ਨੇ ਕੋਰਸ ਹੀ ਪਾਵਰਕਾਮ ’ਚ ਲਾਈਨਮੈਨ ਦਾ ਕੀਤਾ ਹੈ ਤਾਂ ਉਨ੍ਹਾਂ ਦਾ ਟੈਸਟ ਕਿਉਂ ਲਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਗੱਲਬਾਤ ਦੇ ਰਸਤੇ ਬੰਦ ਕਰ ਕੇ ਸਾਡੀਆਂ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਤਾਂ ਇਹ ਟਾਵਰ ’ਤੇ ਚੜ੍ਹੇ ਸਾਥੀ ਪਹਿਲਾਂ ਵਾਲੀ ਜਗ੍ਹਾ ਨਾਲੋਂ ਬਿਜਲੀ ਟਾਵਰ ’ਤੇ ਸੋਮਵਾਰ ਨੂੰ ਹੋਰ ਉੱਪਰ ਚੱਲੇ ਗਏ ਹਨ। ਲਾਈਨਮੈਨ ਯੂਨੀਅਨ ਦੇ ਸਾਥੀਆਂ ਨਾਲ ਕਿਸੇ ਵੀ ਮੰਦਭਾਗੀ ਘਟਨਾ ਵਾਪਰੀ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰ ਕਾਰਪੋਰੇਸ਼ਨ ਦੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਮੌਜੂਦ ਸੂਬਾ ਪ੍ਰਧਾਨ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਪਵਿੱਤਰ ਸਿੰਘ ਅਤੇ ਵੱਡੀ ਗਿਣਤੀ ’ਚ ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ ਦੇ ਮੈਂਬਰਾਂ ਤੇ ਸੈਂਕੜੇ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ।