ਫਾਜ਼ਿਲਕਾ- ਫਾਜ਼ਿਲਕਾ ਵਿਚ ਭਾਰਤ-ਪਾਕਿਸਤਾਨ ਸਰਹੱਦ ਤੋਂ ਇਕ ਵਾਰ ਫਿਰ ਹੈਰੋਇਨ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਪੈਂਦੀ ਬੀ.ਓ.ਪੀ. ਜੀ.ਜੀ. ਬੇਸ ਨੇੜੇ ਬੀ.ਐੱਸ.ਐੱਫ. ਨੂੰ ਇਕ ਖੇਤ ਵਿੱਚੋਂ ਕਰੀਬ 3 ਕਿਲੋ 780 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਅੰਤਰਰਾਸ਼ਟਰੀ ਕੀਮਤ 19 ਕਰੋੜ ਦੱਸੀ ਜਾ ਰਹੀ ਹੈ।
ਇਸ ਦੀ ਬਰਾਮਦਗੀ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਨਜ਼ਦੀਕੀ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਅਤੇ ਕਿਸ ਰਾਹੀਂ ਇੱਥੇ ਪਹੁੰਚੀ ਹੈ। ਦੱਸ ਦੇਈਏ ਕਿ ਸੂਬੇ ਦੇ ਸਰਹੱਦੀ ਇਲਾਕਿਆਂ ਤੋਂ ਪਹਿਲਾਂ ਵੀ ਨਸ਼ਾਂ ਜਾਂ ਹਥਿਆਰ ਮਿਲਣ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੀ ਰਹਿੰਦੀ ਹੈ। ਬੀਤੇ ਦਿਨੀਂ ਫਾਜ਼ਿਲਕਾ ਦੇ ਹੀ ਸਰਹੱਦੀ ਇਲਾਕੇ ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ ਤੇ ਅੱਜ ਫਾਜ਼ਿਲਕਾ ਜ਼ਿਲ੍ਹੇ ਤੋਂ ਹੈਰੋਇਨ ਬਰਾਮਦ ਹੋਈ ਹੈ।